ਤੀਆਂ ਦੇ ਮੇਲੇ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ,  ਨਾਮੀ ਕਲਾਕਾਰ ਪਹੁੰਚਣਗੇ ਮੇਲੇ ਵਿੱਚ

ਸ੍ਰੀ ਮੁਕਤਸਰ ਸਾਹਿਬ, 26 ਅਗਸਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ 28 ਅਗਸਤ ਤੋਂ 30 ਅਗਸਤ ਤੱਕ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਸ੍ਰੀ ਸੰਜੀਵ ਕੁਮਾਰ ਨੇ ਭਲਾਈਆਣਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ । ਇਸ ਮੌਕੇ ਐਸ.ਡੀ.ਐਮ. ਸ੍ਰੀ ਅਜੀਤ ਪਾਲ ਸਿੰਘ ਅਤੇ ਡੀ.ਐਸ.ਪੀ. ਸ੍ਰੀ ਅਵਤਾਰ ਸਿੰਘ ਰਾਜਪਾਲ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਸਨ।

ਇਸ ਮੌਕੇ ਐਸ.ਡੀ.ਐਮ. ਨੇ ਦੱਸਿਆ ਕਿ ਇਸ ਤੀਆਂ ਦੇ ਮੇਲੇ ਵਿੱਚ ਜਿੱਥੇ ਪੰਜਾਬ ਦੀ ਲੋਕਧਾਰਾ ਦੇ ਵੱਖ-ਵੱਖ ਰੰਗ ਵਿਖਾਈ ਦੇਣਗੇ ਉੱਥੇ ਕੰਵਰ ਗਰੇਵਾਲ, ਗੁਰਲੇਜ ਅਖਤਰ, ਅਫਸਾਨਾ ਖਾਨ ਅਤੇ ਭੋਲਾ ਯਮਲਾ ਜਿਹੇ ਨਾਮੀ ਗਾਇਕ ਵੀ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਬਿਨਾਂ ਪੁਰਾਤਨ ਪਿੰਡ ਦਾ ਦ੍ਰਿਸ਼ ਵੀ ਇੱਥੇ ਵਿਖਾਇਆ ਜਾਏਗਾ ਤਾਂ ਜੋ ਨਵੀਂ ਪੀੜੀ ਨੂੰ ਸਾਡੇ ਵਿਰਾਸਤ ਅਤੇ ਸੱਭਿਆਚਾਰ ਤੋਂ ਜਾਣੂ ਕਰਾਇਆ ਜਾ ਸਕੇ। ਵਿਰਾਸਤੀ ਖੇਡਾਂ ਦੇ ਮੁਕਾਬਲਿਆਂ ਦੇ ਨਾਲ-ਨਾਲ ਹੋਰ ਵਿਰਾਸਤੀ ਵਸਤਾਂ ਬਣਾਉਣ, ਮਿੰਨੀ ਕਹਾਣੀ ਅਤੇ ਕਵਿਤਾ ਰਚਨਾ ਜਿਹੇ ਮੁਕਾਬਲੇ ਅਤੇ ਗਿੱਧੇ ਤੇ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਣਗੇ । ਇਹ ਸਮਾਗਮ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਵਿਖੇ ਹੋਇਆ ਕਰੇਗਾ । ਮੇਲੇ ਵਿੱਚ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਅਤੇ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ ਇਸ ਮੌਕੇ ਪੰਜਾਬ ਦੇ ਵਿਰਾਸਤੀ ਖਾਣਿਆਂ ਦੇ ਸਟਾਲ ਵੀ ਲਗਾਏ ਜਾਣਗੇ।

ਉਹਨਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਸਾਰੀਆਂ ਤਿਆਰੀਆਂ ਤੁਰੰਤ ਮੁਕੰਮਲ ਕਰ ਲੈਣ। ਉਹਨਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵੀ ਇਸ ਤੀਆਂ ਦੇ ਮੇਲੇ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

[wpadcenter_ad id='4448' align='none']