ਫਾਜ਼ਿਲਕਾ, 12 ਅਗਸਤ
ਮਿਸ਼ਨ ਵਾਤਸੱਲਿਆ ਸਕੀਮ ਅਧੀਨ 16 ਅਗਸਤ 2024 ਤੋ 31 ਅਗਸਤ 2024 ਤੱਕ ਵਿਸ਼ੇਸ਼ ਤੌਰ ਤੇ ਮੈਗਾ ਕੈਂਪ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜਿਲਕਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਜਾਣਕਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜਿਲਕਾ ਵੱਲੋ ਮਿਸ਼ਨ ਵਾਤਸੱਲਿਆ ਸਕੀਮ ਅਧੀਨ 18 ਸਾਲ ਤੱਕ ਦੇ ਲੋੜਵੰਦ ਬੱਚਿਆ, ਜੋ ਸਪਾਂਸਰਸ਼ਿਪ ਸਕੀਮ ਅਧੀਨ ਯੋਗ ਹਨ ਨੂੰ 4 ਹਜਾਰ ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਦਾ ਵਿੱਤੀ ਲਾਭ ਦਿੱਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ਼੍ਰੀਮਤੀ ਰੀਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਾਜਿਲਕਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਪ੍ਰਧਾਨਗੀ ਹੇਠ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਵੱਲੋ ਜਿਲ੍ਹੇ ਵਿਚ 18 ਸਾਲ ਤੱਕ ਦੇ ਅਜਿਹੇ ਬੱਚੇ ਜਿਨ੍ਹਾ ਦੀ ਮਾਤਾ ਵਿਧਵਾ/ ਤਲਾਕਸ਼ੁਦਾ ਹੋਵੇ ਜਾਂ ਪਰਿਵਾਰ ਵੱਲੋ ਲਵਾਰਿਸ ਛੱਡ ਦਿੱਤੇ ਗਏ ਹੋਂਣ, ਜਿਨ੍ਹਾ ਬੱਚਿਆ ਦੇ ਮਾਤਾ-ਪਿਤਾ ਜਾਨਲੇਵਾ/ ਖਤਰਨਾਕ ਬਿਮਾਰੀ ਦਾ ਸ਼ਿਕਾਰ ਹਨ।
ਮਾਤਾ-ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆ ਦੀ ਦੇਖਭਾਲ ਕਰਨ ਵਿਚ ਅਸਮੱਰਥ ਹਨ, ਜੇ.ਜੇ.ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇ ਕਿ ਬੇਘਰ, ਕੁਦਰਤੀ ਆਫਤ ਦਾ ਸ਼ਿਕਾਰ, ਬਾਲ ਮਜਦੂਰੀ, ਬਾਲ ਵਿਆਹ ਦਾ ਸ਼ਿਕਾਰ, ਤਸਕਰੀ ਪ੍ਰਭਾਵਿਤ, ਅਪਾਹਿਜ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚੇ, ਐੱਚ.ਆਈ.ਵੀ/ ਏਡਜ਼ ਨਾਲ ਪ੍ਰਭਾਵਿਤ ਬੱਚੇ, ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਮਿਸ਼ਨ ਵਾਤਸੱਲਿਆ ਸਕੀਮ ਦੀ ਗਾਇਲਡਲਾਇਨਜ ਅਨੁਸਾਰ ਇਨ੍ਹਾ ਬੱਚਿਆ/ ਪਰਿਵਾਰ ਦੀ ਸ਼ਹਿਰੀ ਖੇਤਰ ਵਿਚ 96,000 ਰੁਪਏ ਅਤੇ ਗ੍ਰਾਮੀਣ ਖੇਤਰ ਵਿਚ 72,000 ਰੁਪਏ ਸਲਾਨਾ ਆਮਦਨ ਤੋ ਘੱਟ ਹੋਣੀ ਚਾਹੀਦੀ ਹੈ ਅਤੇ ਕਿਸੀ ਹੋਰ ਸਕੀਮ ਦਾ ਵਿਤੀ ਲਾਭ ਨਾ ਲੈ ਰਹੇ ਹੋਣ। ਇਸ ਸਕੀਮ ਅਤੇ ਕੈਂਪ ਸਬੰਧੀ ਜਿਆਦਾ ਜਾਣਕਾਰੀ ਲਈ ਮੋ. 81469-43002, 98727-06212, 94659-00040 ਤੇ ਸੰਪਰਕ ਕੀਤਾ ਜਾਵੇ ਅਤੇ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਕਮਰਾ ਨੰ.405 ਏ, ਤੀਸਰੀ ਮੰਜਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜਿਲਕਾ ਤੇ ਸੰਪਰਕ ਕੀਤਾ ਜਾ ਸਕਦਾ ਹੈ।