ਯਾਦਗਾਰੀ ਹੋ ਨਿਬੜਿਆ ਮਾਰਸ ਸਾਇੰਸ ਮੇਲਾ-2024

ਮਾਨਸਾ,  24 ਅਕਤੂਬਰ :
ਜ਼ਿਲ੍ਹਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਰੈਡ ਕਰਾਸ ਦੇ ਸਾਂਝੇ ਉਪਰਾਲੇ ਤਹਿਤ ਸੇਂਟ ਜ਼ੇਵੀਅਰ ਸਕੂਲ ਮਾਨਸਾ ਵਿਖੇ ਲਗਾਈ ਗਈ ਮਾਰਸ ਸਾਇੰਸ ਪ੍ਰਦਰਸ਼ਨੀ-2024 ਯਾਦਗਾਰੀ ਹੋ ਨਿਬੜੀ। ਅੱਜ ਦੇ ਇਸ ਸਾਇੰਸ ਮੇਲੇ ਦੇ ਅੰਤਿਮ ਦਿਨ ਹਲਕਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ, ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਹਲਕਾ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਨੇ ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਮੋਹਤਬਰ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਵਿਧਾਇਕ ਬੁਢਲਾਡਾ ਸ਼੍ਰੀ ਬੁੱਧ ਰਾਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਦਾ ਸਬੰਧ ਮਨੁੱਖ ਨਾਲ ਅੱਜ ਦਾ ਨਹੀਂ ਸਗੋਂ ਪੁਰਾਤਨ ਸਮੇਂ ਤੋਂ ਹੀ ਵਿਗਿਆਨ ਇਨਸਾਨੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਵੀ ਸਾਇੰਸ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਇੰਸ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਹਰ ਖੇਤਰ ਹੀ ਸਾਇੰਸ ਬਿਨ੍ਹਾਂ ਅਧੂਰਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਦੇ ਦੋਵੇਂ ਪੱਖ ਨਕਾਰਾਤਮਕ ਅਤੇ ਸਕਾਰਾਤਮਕ ਹੁੰਦੇ ਹਨ ਜੇਕਰ ਅਸੀਂ ਸਕਾਰਾਤਮਕ ਪੱਖ ਵੱਲ ਆਪਣਾ ਝੁਕਾਅ ਰੱਖਦੇ ਹਾਂ ਤਾਂ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਇੰਸ ਮੇਲੇ ਦੇ ਇਸ ਉਪਰਾਲੇ ਲਈ ਕਾਫ਼ੀ ਸ਼ਲਾਘਾ ਕੀਤੀ।
ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਅੱਜ ਸਾਇੰਸ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਾਇਰਾ ਕਾਫ਼ੀ ਵੱਡਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਵਿਗਿਆਨ ਦੇ ਖੇਤਰ ਦਾ ਹੋਰ ਵੀ ਫੈਲਾਅ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਇੰਸ ਵਿਸ਼ੇ ਪ੍ਰਤੀ ਆਪਣੀ ਰੂਚੀ ਵਧਾਉਣ ਅਤੇ ਕੜੀ ਮਿਹਨਤ ਕਰਕੇ ਨਵੀਆਂ ਖੋਜਾਂ ਕਰਕੇ ਆਪਣੇ ਜ਼ਿਲ੍ਹੇ ਦਾ ਦੇਸ਼ ਅਤੇ ਦੁਨੀਆ ਪੱਧਰ ’ਤੇ ਨਾਮ ਰੋਸ਼ਣ ਕਰਨ। ਉਨ੍ਹਾਂ ਸਿੱਖਿਆ ਵਿਭਾਗ ਦੀ ਇਸ ਸਾਇੰਸ ਮੇਲੇ ਲਈ ਪ੍ਰਸ਼ੰਸਾ ਕੀਤੀ ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਕਾਫ਼ੀ ਵਾਧਾ ਹੁੰਦਾ ਹੈ।
ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਿਲਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ’ਤੇ ਕੁਝ ਹੀ ਸਕਿੰਟਾਂ ਵਿੱਚ ਗੱਲ ਹੋ ਪਾਇਆ ਕਰੇਗੀ ਅੱਜ ਮੋਬਾਇਲ ਨਾਲ ਇਹ ਸਾਬਿਤ ਹੋ ਚੁੱਕਾ ਹੈ ਅਤੇ ਅਸੀਂ ਮੋਬਾਇਲ ਜਾਂ ਹੋਰ ਤਕਨੀਕੀ ਸਾਧਨਾਂ ਦੇ ਜਰੀਏ ਕਈ ਕਿਲੋਮੀਟਰ ਦੂਰ ਬੈਠੇ ਵਿਅਕਤੀ ਦੀ ਤਸਵੀਰ ਦੇਖ ਕੇ ਵੀ ਗੱਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਮੋਬਾਇਲ ਫੋਨ, ਟੀ.ਵੀ., ਹਵਾਈ ਜਹਾਜ, ਮਿਜ਼ਾਇਲ ਇਹ ਸਭ ਵਿਗਿਆਨ ਦੀ ਹੀ ਦੇਣ ਹਨ। ਉਨ੍ਹਾਂ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਹੋ ਰਹੀ ਵਿਗਿਆਨ ਦੀ ਤਰੱਕੀ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਇਹ ਸਾਇੰਸ ਮੇਲੇ ਕਾਫੀ ਲਾਹੇਵੰਦ ਹਨ।
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਇਸ ਮਾਰਸ ਸਾਇੰਸ ਪ੍ਰਦਰਸ਼ਨੀ ਦਾ ਮਕਸਦ ਬੱਚਿਆਂ ਵਿੱਚ ਸਾਇੰਸ ਪ੍ਰਤੀ ਰੂਚੀ ਪੈਦਾ ਕਰਕੇ ਉਨ੍ਹਾਂ ਨੂੰ ਇਸ ਕਾਬਿਲ ਬਣਾਉਣਾ ਹੈ, ਤਾਂ ਜੋ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ ਕਰਕੇ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਚਮਕਾਉਣ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਮੁਕਾਮ ਹਾਸਿਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਰੁਝਾਨ ਨੂੰ ਦੇਖਦੇ ਹੋਏ ਉਨ੍ਹਾਂ ਦੇ ਗਿਆਨ ਵਿੱਚ ਹੋਰ ਵਾਧਾ ਕਰਨ ਲਈ ਹਰ ਸਾਲ ਅਜਿਹੇ ਸਾਇੰਸ ਮੇਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਾਰਸ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕਰੀਬ 90 ਸਕੂਲਾਂ ਦੇ 3500 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਸੇਂਟ ਜ਼ੇਵੀਅਰ ਸਕੂਲ ਫਾਦਰ ਹੈਨਰੀ ਜੋਸ਼ੇਫ਼ ਰਾਜ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਸੁਨੀਲ ਕੁਮਾਰ ਨੀਨੂੰ, ਸੈਕਟਰੀ ਰੈਡ ਕਰਾਸ ਮੈਡਮ ਦੇਵ ਅਸ਼ਮਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

[wpadcenter_ad id='4448' align='none']