“ਇੱਕ ਪੌਦਾ ਮਾਂ ਦੇ ਨਾਂ ਦਾ” ਹੌਕਾ ਦਿੰਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ

ਤਲਵੰਡੀ ਸਾਬੋ, (ਬਠਿੰਡਾ) 18 ਜੁਲਾਈ : ਗੁਰੂ ਕਾਸ਼ੀ ਯੂਨੀਵਰਸਿਟੀ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ, ਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਯੁਵਕ ਸੇਵਾਵਾਂ ਵਿਭਾਗ ਤੇ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ “ਇੱਕ ਪੌਦਾ ਮਾਂ ਦੇ ਨਾਮ” ਆਰੰਭੀ ਮੁਹਿੰਮ ਤਹਿਤ “ਰੁੱਖ ਲਗਾਓ-ਵਾਤਾਵਰਣ ਬਚਾਓ” ਦਾ ਸੰਦੇਸ਼ ਦਿੰਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ ‘ਵਰਸਿਟੀ ਗੇਟ ਤੋਂ ਗੁਰੂ ਰਵੀਦਾਸ ਚੌਂਕ ਤੱਕ ਤੇ ਵਾਪਸੀ ਦਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋ.(ਡਾ.) ਐਸ.ਕੇ.ਬਾਵਾ ਉਪ-ਕੁਲਪਤੀ ਤੇ ਸਨਮਾਨਿਤ ਮਹਿਮਾਨ ਐਸ.ਡੀ.ਐੱਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ । ਉਨ੍ਹਾਂ ਯੂਨੀਵਰਸਿਟੀ ਦੀ ਤਲਵਾਰਬਾਜ਼ੀ ਅਕਾਦਮੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਤੇ ਖਿਡਾਰੀਆਂ ਨੂੰ 3000 ਪੌਦੇ ਵੰਡੇ ਗਏ।

ਇਸ ਦੌਰਾਨ ਜੇਤੂਆਂ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਬਾਵਾ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਹਰਿਆ ਭਰਿਆ ਪ੍ਰਦੂਸ਼ਨ ਮੁਕਤ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਨੌਜਵਾਨ ਵਰਗ ਦੀ ਹੈ। ਉਨ੍ਹਾਂ ਸਾਰਿਆਂ ਨੂੰ ਇੱਕ ਵਾਰ ਵਰਤਣ ਯੋਗ ਪਲਾਸਟਿਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਤੇ ਜਨ ਮਾਨਸ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਉਨ੍ਹਾਂ ਦੀ ਸਾਂਭ-ਸੰਭਾਲ ਤੇ ਪਰਵਰਿਸ਼ ਦਾ ਸੁਨੇਹਾ ਦਿੱਤਾ।

ਵਿਸ਼ੇਸ਼ ਮਹਿਮਾਨ ਡਾ. ਜੱਸਲ ਨੇ ਆਯੋਜਕਾਂ ਦੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ‘ਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਤਲਵਾਰਬਾਜ਼ੀ ਅਕਾਦਮੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੇ ਖੇਡ ਹੁਨਰ ਨੂੰ ਨਿਖਾਰ ਕੇ ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿੱਚ ਤਗਮਾ ਹਾਸਿਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੌਦੇ ਲਗਾ ਕੇ ਭੁੱਲ ਜਾਣਾ ਪੋਦਿਆਂ ਦੀ ਹੱਤਿਆ ਦੇ ਬਰਾਬਰ ਹੈ, ਸਾਨੂੰ ਸਾਰਿਆਂ ਨੂੰ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ, ਪਾਣੀ ਤੇ ਖਾਦ ਖੁਰਾਕ ਦੇਣਾ ਸਾਡੀ ਜ਼ਿੰਮੇਵਾਰੀ ਹੈ।

ਮੈਰਾਥਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਮੈਰਾਥਨ ਵਿੱਚ ਵਿਜੈ ਕੁਮਾਰ, ਸ.ਸ.ਸ.ਤਲਵੰਡੀ ਸਾਬੋ ਨੇ ਪਹਿਲਾ, ਅਮਨਦੀਪ ਸਿੰਘ, ਸ.ਸ.ਸ. ਭਾਈ ਰੂਪਾ ਨੇ ਦੂਜਾ ਤੇ ਜਸ਼ਨਦੀਪ ਸਿੰਘ, ਯੂਨੀਵਰਸਲ ਸਕੂਲ, ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਆਯੋਜਕਾਂ ਵੱਲੋਂ ਕ੍ਰਮਵਾਰ 10,000 ਰੁਪਏ, 7100 ਰੁਪਏ, 5100 ਰੁਪਏ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਪ੍ਰਤੀਭਾਗੀਆਂ ਦੀ ਟੀ-ਸ਼ਰਟਾਂ ਨਾਲ ਹੌਂਸਲਾ ਅਫ਼ਜਾਈ ਕੀਤੀ ਗਈ। ਲੜਕੀਆਂ ਵਿੱਚੋਂ ਸੁਖਵੀਰ ਕੌਰ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ ਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤਲਵਾਰਬਾਜ਼ੀ ਲੜਕੇ ਅਤੇ ਲੜਕੀਆਂ ਦੇ ਨੁਮਾਇਸ਼ੀ ਮੈਚ ਵੀ ਕਰਵਾਏ ਗਏ। ਸ. ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਜਸਵੀਰ ਸਿੰਘ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਬਠਿੰਡਾ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ।  ਐਨ.ਐਸ.ਐਸ. ਕੁਆਰਡੀਨੇਟਰ,  ਵਲੰਟੀਅਰਾਂ ਅਤੇ ਰਿਫਰੈਸ਼ਮੈਂਟ ਕਮੇਟੀ ਦਾ ਪ੍ਰਬੰਧਨ ਕਾਬਿਲ-ਏ-ਤਾਰੀਫ਼ ਰਿਹਾ।

[wpadcenter_ad id='4448' align='none']