ਅੰਮ੍ਰਿਤਸਰ 23 ਫਰਵਰੀ 2024–
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਨਵੇਂ ਸ਼ੈਸ਼ਨ ਲਈ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਸੂਬੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਵੱਡੇ ਹੋ ਕੇ ਦੇਸ਼ ਦੀ ਵਾਗ ਡੋਰ ਸੰਭਾਲ ਸਕਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਾਬਾ ਬਕਾਲਾ ਵਿਖੇ ਮਹਿਫਿਲ-ਏ-ਖਾਸ ਸਮਾਗਮ ਵਿੱਚ ਸਿ਼ਰਕਤ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਉੱਚੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦੀ ਬਦੌਲਤ ਅੱਜ ਪੰਜਾਬ ਦੇ ਸਰਕਾਰੀ ਸਕੂਲ ਸੂਬੇ ਦੀ ਸ਼ਾਨ ਬਣ ਰਹੇ ਹਨ। ਉਨਾਂ ਕਿਹਾ ਕਿ ਥੋੜੇ ਹੀ ਸਮੇਂ ਵਿੱਚ ਸੂਬੇ ਅੰਦਰ ਹੋਰਨਾਂ ਖੇਤਰਾਂ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਆਈ ਵੱਡੀ ਕ੍ਰਾਂਤੀ ਤੋਂ ਹਰ ਇਕ ਵਰਗ ਖੁਸ਼ ਅਤੇ ਸੰਤੁਸ਼ਟ ਹੈ। ਉਨਾਂ ਕਿਹਾ ਕਿ ਜੇਕਰ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ 90 ਫੀਸਦੀ ਉੱਚ ਅਹੁਦਿਆਂ `ਤੇ ਬਿਰਾਜਮਾਨ ਅਧਿਕਾਰੀ ਅਤੇ ਅਧਿਆਪਕ ਸਰਕਾਰੀ ਸਕੂਲਾਂ ਤੋਂ ਪੜ੍ਹੇ ਹੋਏ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਦਿਖ ਵਿੱਚ ਵੱਡਾ ਬਦਲਾਅ ਆਇਆ ਹੈ, ਉਥੇ ਹੀ ਵਿਦਿਆਰਥੀਆਂ ਨੂੰ ਹਰ ਪੱਖੋਂ ਸਮੇਂ ਦੇ ਹਾਣੀ ਬਣਾਉਣ ਲਈ ਸਿਖਣ ਸਿਖਾਉਣ ਦੀਆਂ ਵੱਖ- ਵੱਖ ਤਕਨੀਕਾਂ ਦੀ ਵਰਤੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਕੈਬਨਿਟ ਮੰਤਰੀ ਸ: ਈ.ਟੀ.ਓ. ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੀ ਦੇਸ਼ ਦੀ ਵਾਗਡੋਰ ਨੂੰ ਆਪਣੇ ਹੱਥਾਂ ਵਿੱਚ ਲੈਣਾ ਹੈ। ਇਸ ਲਈ ਤੁਹਾਡਾ ਸਿੱਖਿਆ ਹਾਸਿਲ ਕਰਨਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਦੇਸ਼ ਦਾ ਆਉਣ ਵਾਲਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਉਨਾਂ ਕਿਹਾ ਕਿ ਸਿੱਖਿਆ ਹੀ ਬੱਚਿਆਂ ਨੂੰ ਅਨੁਸ਼ਾਸ਼ਨ ਪੈਦਾ ਕਰਦੀ ਹੈ। ਇਸ ਮੌਕੇ ਸ: ਈ.ਟੀ.ਓ ਨੇ ਕਾਲਜ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਕਾਲਜ ਦੀ ਰਿਪੇਅਰ ਵੀ ਜਲਦ ਕਰਵਾਈ ਜਾਵੇਗੀ।
ਇਸ ਮੌਕੇ ਕਾਲਜ ਦੇ ਸਟਾਫ ਵਲੋਂ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ, ਮੈਡਮ ਤਜਿੰਦਰ ਕੌਰ, ਨਗਰ ਸੁਧਾਰ ਟਰੱਸਟ ਦੀ ਈ.ਓ. ਸੁਰਿੰਦਰ ਕੁਮਾਰ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਸ: ਸੁਰਜੀਤ ਸਿੰਘ ਕੰਗ, ਡਾ. ਸਤਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਹਾਜਰ ਸਨ।