ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸੈਟੇਲਾਈਟ ਰਾਹੀਂ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ,159 ਮਾਮਲਿਆਂ ਤੇ ਹੋਈ ਕਾਰਵਾਈ-ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 22 ਅਕਤੂਬਰ 2024:

             ਡਿਪਟੀ ਕਮਿਸ਼ਨਰ ਦੀਪਸ਼ਿਖਾ ਸਰਮਾ ਵੱਲੋਂ  ਫਿਰੋਜ਼ਪੁਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਟੇਲਾਈਟ ਨਾਲ ਆਏ 207 ਪਰਾਲੀ ਸਾੜਨ ਦੇ ਮਾਮਲਿਆਂ ਵਿਚੋਂ 159 ਮਾਮਲਿਆਂ ਤੇ ਕਾਰਵਾਈ ਕਰਦੇ ਹੋਏ ਪਰਚੇ ਦਰਜ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ ਫਿਰੋਜ਼ਪੁਰ ਰਣਦੀਪ ਸਿੰਘ, ਐੱਸ.ਡੀ.ਐੱਮ. ਜ਼ੀਰਾ ਗੁਰਮੀਤ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇੰਜੀ. ਗੁਲਸ਼ਨ ਕੁਮਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਵੀ ਮੌਜੂਦ ਸਨ।

          ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਸੈਟੇਲਾਈਟ ਰਾਹੀਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਸੈਟੇਲਾਈਟ ਰਾਹੀਂ ਪਰਾਲੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਿਤ ਨੋਡਲ ਅਫਸਰ ਉਸ ਖੇਤ ਦਾ ਦੌਰਾ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗਾ। ਉਸ ਤੋਂ ਬਾਅਦ ਸਬ ਡਵੀਜ਼ਨ ਮੈਜਿਸਟ੍ਰੇਟ, ਬੀਡੀਪੀਓਜ਼, ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਸਬੰਧਿਤ ਖੇਤ ਦਾ ਦੌਰਾ ਕਰਕੇ ਰਿਪੋਰਟ ਪੇਸ਼ ਕਰਨਗੇ। ਉਸ ਉਪਰੰਤ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।    

          ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਾਲ ਜਿਹੜੇ (ਹਾਟਸਪਾਟ) ਪਿੰਡਾਂ ਵਿੱਚ ਪਰਾਲੀ ਸਾੜਨ ਦੇ ਵੱਧ ਮਾਮਲੇ ਆਏ ਸਨ ਉਨ੍ਹਾਂ ਪਿੰਡਾਂ ਤੇ ਵਿਸ਼ੇਸ਼ ਚੌਕਸੀ ਰੱਖੀ ਜਾਵੇ ਅਤੇ ਜੇਕਰ ਕਿਤੇ ਵੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਯੋਜਨਾਬੱਧ ਢੰਗ ਨਾਲ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ ਤੇ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਵਜੋਂ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ।

            ਉਨ੍ਹਾਂ ਕਿਹਾ ਪਰਾਲੀ ਨੂੰ ਸੜਨ ਤੋਂ ਰੋਕਣ ਲਈ ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੂੰ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਪਰਾਲੀ ਸਾੜਨ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ, ਉੱਥੇ ਹੀ ਅਨੇਕਾਂ ਪ੍ਰਕਾਰ ਦੀਆਂ ਸਾਹ ਤੇ ਚਮੜੀ ਦੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾਲ ਲਗਾ ਕੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਵਾਤਾਵਰਨ ਦੇ ਰਾਖੇ ਬਣਨ।

[wpadcenter_ad id='4448' align='none']