Aaj Da Hukamnama
ਆਸਾ ਛੰਤ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥ ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥ ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥ ਗੁਣ ਨਿਧਿ ਗਾਇਆ* ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥ ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥ ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥
ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥ ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥ ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥ ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥ ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥ ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥ ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥ ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥ ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥ ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥ ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥ ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥ ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥ ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥
ਅਰਥ / ਵਿਆਖਿਆ
ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ । ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ । (ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ । ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ । ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ) । ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥
ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ, (ਜਿਨ੍ਹਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ । ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ, ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ । ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ । (ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ॥੨॥
ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ; ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ । ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ; ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ । (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ । ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ । ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥
ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ । ) ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ) । (ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ । (ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ । ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ । ਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥
Aaj Da Hukamnama