ਚਾਈਨਾਂ ਡੋਰ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ

ਸ੍ਰੀ ਮੁਕਤਸਰ ਸਾਹਿਬ 29 ਫਰਵਰੀ

ਸ੍ਰੀ ਹਰਪ੍ਰੀਤ ਸਿੰਘ ਸੂਦਨ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਿੰਥੈਟਿਕ ਅਤੇ ਪਲਾਸਟਿਕ ਡੋਰ (ਚਾਈਨਾ ਡੋਰ) ਨੂੰ ਸਟੋਰ ਕਰਨ, ਵੇਚਣ ਅਤੇ ਖਰੀਦਣ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ।ਇਸ ਹੁਕਮ ਅਨੁਸਾਰ ਪੰਜਾਬ ਸਰਕਾਰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਦੇ ਨੋਟੀਫਿਕੇਸ਼ਨ ਨੰ. 3/25/23—ਐਸ.ਟੀ.ਈ./293 ਮਿਤੀ 05/07/2023 ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਕਈ ਵਿਅਕਤੀਆਂ ਵਲੋਂ ਚਾਈਨਜ਼ ਡੋਰ ਵੇਚੀ ਜਾਂਦੀ ਹੈ ਅਤੇ  ਪਤੰਗਬਾਜੀ ਅਤੇ ਗੁੱਡੀਆਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਡੋਰ ਸਿੰਥੈਟਿਕ ਅਤੇ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਇਹ ਬਹੁਤ ਹੀ ਮਜ਼ਬੂਤ ਨਾ ਗਲਣਯੋਗ ਨਾ ਟੁੱਟਣਯੋਗ ਹੁੰਦੀ ਹੈ।ਹੁਕਮ ਅਨੁਸਾਰ ਜੇਕਰ ਇਹ ਡੋਰ ਢਿੱਲੀ ਹੋ ਜਾਵੇ ਤਾਂ ਰਸਤੇ ਵਿੱਚ ਆ ਰਹੇ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ ਚਾਲਕਾਂ ਦਾ ਗਲਾ ਅਤੇ ਕੰਨ ਕੱਟੇ ਜਾਣ ਅਤੇ ਐਕਸੀਡੈਂਟ ਹੋਣ ਦਾ ਕਾਰਨ ਬਣਦੀ ਹੈ ਅਤੇ ਕਈ ਵਾਰ ਚਾਈਨਾ ਡੋਰ ਮੌਤ ਦਾ ਕਾਰਨ ਵੀ ਬਣਦੀ ਹੈ, ਇਸ ਤੋਂ ਇਲਾਵਾ ਉਡਦੇ ਪੰਛੀਆਂ ਦੇ ਫੰਗਾਂ ਅਤੇ ਪੈਰਾਂ, ਗਲ ਵਿੱਚ ਫੱਸ ਜਾਣ ਕਾਰਨ ਪੰਛੀਆਂ ਦੇ ਮਰਨ ਆਦਿ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਪੰਛੀ ਰੁੱਖਾਂ ਤੇ ਟੰਗੇ ਰਹਿ ਜਾਂਦੇ ਹਨ ਅਤੇ ਉਹਨਾਂ ਦੀ ਬਦਬੂ ਨਾਲ ਵਾਤਾਵਰਣ ਦੂਸਿ਼ਤ ਹੁੰਦਾ ਹੈ।ਜਿ਼ਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਹੁਣ ਚਾਈਨਾ ਡੋਰ ਨੂੰ ਸਟੋਰ ਕਰਨ,ਵੇਚਣ ਅਤੇ ਖਰੀਦਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਅਗਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਮਿਤੀ 31 ਮਾਰਚ 2024 ਤੱਕ ਲਾਗੂ ਰਹਿਣਗੇ।

[wpadcenter_ad id='4448' align='none']