ਬਠਿੰਡਾ, 8 ਅਗਸਤ : ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਸਥਾਨਕ ਥਰਮਲ ਕਲੋਨੀ ’ਚ ਸਪੈਸ਼ਲ ਸਕੂਲ ਵਿੱਖੇ ਕੋਠੇ ਅਮਰਪੁਰਾ ਜੋਗਾ ਨੰਦ ਰੋਡ ’ਤੇ ਸਥਿਤ ਪ੍ਰਾਇਮਰੀ ਅਤੇ ਮਿਡਲ ਸਕੂਲ ਅਤੇ ਇਕ ਪ੍ਰਾਇਮਰੀ ਸਕੂਲ ਜੋ ਥਰਮਲ ਕਲੋਨੀ ਵਿੱਖੇ ਚੱਲਦਾ ਹੈ ਨੂੰ ਇਕੱਠਾ ਕਰਨ ਲਈ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪੀ.ਐਸ.ਪੀ.ਸੀ.ਐਲ ਵਿਭਾਗ ਨਾਲ ਤਾਲਮੇਲ ਕਰਕੇ ਤਿੰਨੇ ਸਕੂਲਾਂ ਨੂੰ ਇਕੱਠਾ ਕਰਕੇ ਮਿਡਲ ਸਕੂਲ ਬਣਾਉਣ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ। ਇਹ ਜਾਣਕਾਰੀ ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਸ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੂੰ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਸਥਾਨਕ ਥਰਮਲ ਕਲੋਨੀ ਵਿੱਚ ਇੱਕ ਸਪੈਸ਼ਲ ਸਕੂਲ ਚੱਲਦਾ ਸੀ, ਜੋ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਿਸ ਦੇ 45 ਕਮਰੇ ਹਨ ਅਤੇ ਬੱਚਿਆ ਦੇ ਖੇਡਣ ਲਈ ਕਾਫੀ ਵੱਡਾ ਗਰਾਊਂਡ ਹੈ, ਇਸ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਪ੍ਰਾਇਮਰੀ ਅਤੇ ਮਿਡਲ ਸਕੂਲ ਕੋਠੇ ਅਮਰਪੁਰਾ, ਜੋਗਾ ਨੰਦ ਰੋਡ ਅਤੇ ਥਰਮਲ ਕਲੋਨੀ ਵਿੱਚ ਹੀ ਇੱਕ ਹੋਰ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ ਜਿਸ ਦੀ ਥਾਂ ਬਹੁਤ ਥੋੜੀ ਹੈ ਅਤੇ ਬੱਚਿਆ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਲਈ ਇਨ੍ਹਾਂ ਤਿੰਨੋਂ ਸਕੂਲਾਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦੇ ਬੱਚਿਆ ਨੂੰ ਚੰਗੀ ਸਿੱਖਿਆ ਅਤੇ ਖੇਡ ਗਰਾਊਂਡ ਮੁਹੱਈਆਂ ਕਰਵਾਏ ਜਾ ਸਕਣ।
ਵਿਧਾਇਕ ਸ ਜਗਰੂਪ ਸਿੰਘ ਗਿੱਲ ਵੱਲੋਂ ਬੱਚਿਆਂ ਦੀ ਮੁਸ਼ਕਿਲ ਤੇ ਸੁਨਿਹਰੀ ਭਵਿੱਖ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਵਲੋਂ ਆਰੰਭੀ ਗਈ ਕਾਰਵਾਈ ’ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।