ਵਧੀਕ ਡਿਪਟੀ ਕਮਿਸ਼ਨਰ (ਵਿ) ਨੇ ਕੰਬਾਇਨ ਅਤੇ ਬੇਲਰ ਮਾਲਕਾਂ ਨਾਲ ਕੀਤੀ ਮੀਟਿੰਗ 

ਫ਼ਰੀਦਕੋਟ 2 ਮਈ 2024 ( ) ਜਿਲ੍ਹਾ ਫਰੀਦਕੋਟ ਨੂੰ ਸਾਲ 2024 ਦੌਰਾਨ ਧੂੰਆਂ ਮੁਕਤ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਕੀਤੇ ਜਾ ਰਹੇ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਕੰਬਾਇਨ ਅਤੇ ਬੇਲਰ ਮਾਲਕਾਂ ਦੀ ਮੀਟਿੰਗ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਹਾਲ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਰੀਦਕੋਟ ਸ਼੍ਰੀ ਨਰਭਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਹਾਜ਼ਰ ਕੰਬਾਈਨ ਅਤੇ ਬੇਲਰ ਮਾਲਕਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿ) ਨੇ ਕਿਹਾ ਕਿ ਜ਼ਿਲਾ ਫਰੀਦਕੋਟ ਨੂੰ ਸਾਲ 2024 ਦੌਰਾਨ ਪ੍ਰਦੂਸ਼ਣ ਮੁਕਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਵਿਉਂਤਬੰਦੀ ਕੀਤੀ ਗਈ ਹੈ ਜਿਸ ਤਹਿਤ ਸਤੰਬਰ ਮਹੀਨੇ ਤੱਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਰੇਕ ਪੱਧਰ ਤੇ ਜਾਗਰੁਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਮਸ਼ੀਨਰੀ ਮਾਲਕਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ 9 ਮਈ ਤੋਂ ਕਲੱਸਟਰ ਪੱਧਰ ਤੇ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਖੇਤੀ ਮਸ਼ੀਨਰੀ ਨਿਰਮਾਤਾ ਵੀ ਸਹਿਯੋਗ ਕਰਨਗੇ।

ਉਨ੍ਹਾਂ ਦੱਸਿਆ ਕਿ ਆਮ ਕਰਕੇ ਕਣਕ ਦੀ ਬਿਜਾਈ ਸੁਪਰ ਸੀਡਰ,ਸਮਾਰਟ ਸੀਡਰ ਅਤੇ ਸਰਫੇਸ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਆਮ ਕਿਸਾਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਕੰਬਾਈਨ ਨਾਲ ਸੁਪਰ ਐਸ ਐਮ ਐਸ ਜ਼ਰੂਰੀ ਕੀਤਾ ਜਾਵੇ, ਕਿਉਂਕਿ ਜੇਕਰ ਐਸ ਐਮ ਐਸ ਲੱਗੀ ਕੰਬਾਈ ਨਾਲ ਝੋਨੇ ਜਾਂ ਬਾਸਮਤੀ ਦੀ ਕਟਾਈ ਕੀਤੀ ਜਾਵੇ ਤਾਂ ਜੋ ਕਣਕ ਦੀ ਬਿਜਾਈ ਵਿੱਚ ਕੋਈ ਸਮੱਸਿਆ ਨਾਂ ਆਉਂਦੀ ਜਿਸ ਨਾਲ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮਿਥੇ ਗਏ ਜ਼ੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤ ਕੀਤੇ ਜਾ ਸਕਦੇ ਹਨ ।

ਉਨ੍ਹਾਂ ਸਮੂਹ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਕੰਬਾਈਨ ਦੇ ਪਿੱਛੇ ਐਸ ਐਮ ਐਸ ਜ਼ਰੂਰ ਲਵਾ ਲੈਣ ਅਤੇ ਜੇਕਰ ਕੋਈ ਕੰਬਾਈਨ ਮਾਲਿਕ ਬਿਨਾਂ ਐਸ ਐਮ ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਦਾ ਪਾਇਆ ਜਾਂਦਾ ਹੈ ਉਸ ਵਿਰੁੱਧ ਪੁਲਿਸ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਸ ਕਿਸਾਨ ਵੱਲੋਂ ਸਬਸਿਡੀ ਤੇ ਮਸ਼ੀਨਰੀ ਲੈਣ ਉਪਰੰਤ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਵੇਗੀ ਖੇਤੀਬਾੜੀ ਵਿਭਾਗ ਵੱਲੋਂ ਉਸ ਕਿਸਾਨ ਦੀ ਸਬਸਿਡੀ ਵਾਪਿਸ ਲੈਣ ਤੇ ਵਿਚਾਰ ਕੀਤੀ ਜਾ ਸਕਦੀ ਹੈ।

ਡਾ.ਅਮਰੀਕ ਸਿੰਘ ਵੱਲੋਂ ਕੰਬਾਇਨ/ਬੇਲਰ ਮਾਲਕਾਂ ਨੂੰ ਸੁਪਰ ਐਸ.ਐਮ.ਐਸ. ਲਗਾਉਣ ਦੇ ਫਾਇਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਪਰ ਐਸ ਐਮ ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਨ ਨਾਲ ਪਰਾਲੀ ਦਾ ਪ੍ਰਬੰਧਨ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਕਣਕ ਦੀ ਬਿਜਾਈ ਸੁਪਰ ਸੀਡਰ ,ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਸੌਖਿਆ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਕਿਸਾਨਾ ਨੇ ਝੋਨੇ ਦੀ ਪਰਾਲੀ ਦੀਆ ਗੱਠਾਂ ਬਨਵਾਉਣੀਆਂ ਹਨ,ਉਨਾਂ ਨੂੰ ਸੁਪਰ ਐਸ ਐਮ ਐਸ ਲੱਗੀ ਕੰਬਾਈ ਨਾਲ ਝੋਨੇ ਦੀ ਕਟਾਈ ਕਰਵਾਉਣੀ ਜ਼ਰੂਰੀ ਨਹੀਂ। 

ਉਨ੍ਹਾਂ  ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਵੱਲੋਂ ਕਿਸਾਨ ਸਿਖਲਾਈ ਕੈਂਪਾਂ,ਨੁੱਕੜ ਮੀਟਿੰਗਾਂ, ਖੇਤ ਦਿਵਸ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨਾਂ ਨੂੰ ਕਣਕ ਦੇ ਨਾੜ/ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਖੇਤੀਬਾੜੀ ਅਤੇ ਵਿਭਾਗ ਦੀ ਇੰਜੀਨਅਰਿੰਗ ਸ਼ਾਖਾ ਵੱਲੋਂ ਜਿਹਨਾਂ ਕਿਸਾਨਾਂ ਨੇ ਸਬਸਿਡੀ ਤੇ ਮਸ਼ੀਨਰੀ ਪ੍ਰਾਪਤ ਕੀਤੀ ਹੈ ਲਈ ਇੱਕ ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿੱਚ ਉਹਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਮੀਟਿੰਗ ਵਿੱਚ ਕੰਬਾਇਨ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਡਾ. ਰਮਨਦੀਪ ਸਿੰਘ, ਡਾ. ਲਖਵੀਰ ਸਿੰਘ ,ਇੰਜੀ.ਅਕਸ਼ਿਤ ਜੈਨ ਸਹਾਇਕ ਖੇਤੀਬਾੜੀ ਇੰਜੀਨੀਅਰ ,ਜਗਦੀਸ਼ ਸਿੰਘ ਵਾੜਾ ਦੜਾਕਾ ਸਮੇਤ ਸਮੂਹ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਜਿਲੇ ਦੇ ਕੰਬਾਇਨ/ਬੇਲਰ ਮਾਲਕ ਹਾਜ਼ਿਰ ਸਨ।

[wpadcenter_ad id='4448' align='none']