ਪ੍ਰਸ਼ਾਸਨ ਵੱਲੋਂ ਪਿੰਡ ਖਿਓ ਵਾਲੀ ਢਾਬ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

ਫਾਜ਼ਿਲਕਾ 7 ਜੁਲਾਈ

ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪਿੰਡ ਖਿਓਵਾਲੀ ਢਾਬ ਵਿਖੇ ਇੱਕ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ ਜਦਕਿ ਕੈਂਪ ਵਿੱਚ ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

 ਇਸ ਮੌਕੇ ਬੋਲਦਿਆਂ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਦੇ ਉਪਰਾਲਿਆਂ ਦੀ ਲੜੀ ਤਹਿਤ ਇਹ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਲੋਕਾਂ ਦਾ ਮੈਡੀਕਲ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਹਨ।

ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਫਾਜ਼ਿਲਕਾ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਹਸਪਤਾਲ ਸਥਾਪਿਤ ਕਰ ਰਹੀ ਹੈ ਜੋ ਕਿ 50 ਬਿਸਤਰਿਆਂ ਦਾ ਹਸਪਤਾਲ ਹੋਵੇਗਾ। ਇਸ ਤੋਂ ਬਿਨਾਂ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ।ਇੰਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਇਲਾਜ ਅਤੇ ਟੈਸਟ ਬਿਲਕੁੱਲ ਮੁਫ਼ਤ ਹੈ।

ਇਸ ਮੌਕੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਲੋਕ ਜਦ ਆਪਣੀ ਭਾਗੀਦਾਰੀ ਕਰਦੇ ਹਨ ਤਾਂ ਸਮਾਜ ਨੂੰ ਇਸ ਦਾ ਜਿਆਦਾ ਲਾਭ ਮਿਲਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਕੇਸ਼ ਕੁਮਾਰ ਪੋਪਲੀ ਨੇ ਆਖਿਆ ਕਿ ਅੱਜ ਦੇ ਇਸ ਕੈਂਪ ਦੇ ਨਾਲ ਨਾਲ ਇੱਥੇ ਚੈੱਕ ਅਪ ਲਈ ਆਉਣ ਵਾਲੇ ਲੋਕਾਂ ਨੂੰ ਮੁਫਤ ਪੌਦੇ ਵੰਡੇ ਗਏ ਅਤੇ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਇਸ ਤਰ੍ਹਾਂ ਦੇ ਮੈਡੀਕਲ ਚੈੱਕ ਅਪ ਕੈਂਪ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਉਂਦਾ ਰਹੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

ਇਸ ਮੌਕੇ ਮੈਡਮ ਖੁਸ਼ਬੂ ਸਾਵਨ ਸੁੱਖਾ ਨੇ ਵੀ ਸੰਬੋਧਨ ਕੀਤਾ ਅਤੇ ਵਾਤਾਵਰਨ ਸੰਭਾਲ ਵਿੱਚ ਭਾਗ ਲੈਣ ਲਈ ਲੋਕਾਂ ਨੂੰ ਸੱਦਾ ਦਿੱਤਾ। ਡਾ ਐਰਿਕ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ।

ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ, ਮਨੋ ਰੋਗ ਮਾਹਿਰ, ਦੰਦਾਂ ਦੇ ਰੋਗਾਂ ਦੇ ਮਾਹਿਰ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਮੈਡੀਸਨ ਮਾਹਿਰ ਡਾਕਟਰਾਂ ਨੇ ਜਿੱਥੇ ਸੇਵਾਵਾਂ ਦਿੱਤੀਆਂ ਉੱਥੇ ਈਸੀਜੀ ਅਤੇ ਹੋਰ ਟੈਸਟ ਵੀ ਮੌਕੇ ਤੇ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਆ।

ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਗੁਰਦਰਸ਼ਨ ਲਾਲ, ਐਸਪੀ ਰਮਨੀਸ਼ ਚੌਧਰੀ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗਗਨਦੀਪ ਕੌਰ, ਜ਼ਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਐਸਐਮਓ ਡਾਕਟਰ ਵਿਕਾਸ ਗਾਂਧੀ, ਡੀਐਸਪੀ ਸੁਬੇਗ ਸਿੰਘ ਸਮੇਤ ਵੱਖ-ਵੱਖ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਪੌਦੇ ਵੀ ਲਗਾਏ ਗਏ ਅਤੇ ਚੈਕਅੱਪ ਕਰਵਾਉਣ ਆਏ ਲੋਕਾਂ ਨੂੰ ਪੌਦੇ ਵੀ ਦਿੱਤੇ ਗਏ। ਇਸ ਤਰਾਂ ਚੈਕਅੱਪ ਕਰਵਾਉਣ ਆਏ ਲੋਕਾਂ ਨੂੰ ਫਲ ਵੀ ਦਿੱਤੇ ਗਏ।

[wpadcenter_ad id='4448' align='none']