ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜਨਵਰੀ, 2024:
ਤੰਦਰੁਸਤ ਅਤੇ ਰੰਗਲਾ ਪੰਜਾਬ ਦੀ ਕੜੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਜੇਲ੍ਹਾਂ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਕੈਦੀਆਂ ਦੀ ਸਿਹਤ ਜਾਂਚ ਤੋਂ ਉਤਸ਼ਾਹਜਨਕ ਨਤੀਜੇ ਪ੍ਰਾਪਤ ਹੋਣ ਬਾਅਦ ਹੁਣ ਐੱਚ.ਆਈ.ਵੀ ਅਤੇ ਹੈਪੇਟਾਈਟਸ ਬੀ ਅਤੇ ਸੀ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਵਿੱਚ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਇੱਥੇ ਜਨ-ਜਾਗਰੂਕਤਾ-ਮੁਹਿਮ ਤਹਿਤ ਰਾਜ ਭਰ ਵਿੱਚ ਖਾਸ ਕਰਕੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਅਤੇ ਮੋਗਾ ਵਿੱਚ ਐੱਚ.ਆਈ.ਵੀ ਏਡਜ਼ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਐੱਚ.ਆਈ.ਵੀ, ਹੈਪੇਟਾਈਟਸ ਬੀ ਅਤੇ ਸੀ ਤੋਂ ਪੀੜਤ ਨੌਜਵਾਨਾਂ ਦੀ ਜਾਂਚ, ਇਲਾਜ ਅਤੇ ਕੌਂਸਲਿੰਗ ਲਈ ਜਨ ਜਾਗਰੂਕਤਾ ਵੈਨਾਂ ਨੂੰ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਤੋਂ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਬਾਕੀ ਸਮਾਜ ਨੂੰ ਐੱਚ.ਆਈ.ਵੀ. ਦੀ ਲਾਗ ਤੋਂ ਬਚਾਉਣ ਲਈ ਸਕ੍ਰੀਨਿੰਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀ ਅਗਵਾਈ ਹੇਠ ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਰਾਜ ਵਿੱਚ ਸਕਰੀਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਅੱਜ ਰਵਾਨਾ ਕੀਤੀਆਂ ਗਈਆਂ ਪੰਜ ਵੈਨਾਂ ਸ਼ੁਰੂਆਤੀ ਪੜਾਅ ਵਿੱਚ ਇੱਕ ਮਹੀਨੇ ਤੱਕ 750 ਪਿੰਡਾਂ ਨੂੰ ਕਵਰ ਕਰਨਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਐਲ.ਈ.ਡੀ. ਨਾਲ ਲੈਸ ਵੈਨਾਂ ਵਿੱਚ ਸਾਂਝੀਆਂ ਸਰਿੰਜਾਂ/ਅਸੁਰੱਖਿਅਤ ਜਿਨਸੀ ਸਬੰਧਾਂ ਦੀ ਮਨਾਹੀ ਬਾਰੇ ਜਾਗਰੂਕਤਾ ਫਿਲਮਾਂ ਦਿਖਾਏ ਜਾਣ ਤੋਂ ਇਲਾਵਾ ਨੁੱਕੜ ਨਾਟਕ ਖੇਡੇ ਜਾਣਗੇ। ਹਰ ਵੈਨ ਵਿੱਚ ਐੱਚ ਆਈ ਵੀ/ਏਡਜ਼ ਦੀ ਮੁਫਤ ਜਾਂਚ ਲਈ ਇੱਕ ਲੈਬ ਟੈਕਨੀਸ਼ੀਅਨ ਅਤੇ ਇੱਕ ਸਲਾਹਕਾਰ ਵੀ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਇੱਛਾ ਨਾਲ ਅੱਗੇ ਆਉਣ ਅਤੇ ਇਨ੍ਹਾਂ ਵੈਨਾਂ ਰਾਹੀਂ ਐਚ.ਆਈ.ਵੀ.ਏਡਜ਼ ਦੀ ਲਾਗ ਤੋਂ ਬਚਾਅ ਲਈ ਟੈਸਟ ਕਰਵਾਉਣ ਅਤੇ ਆਪਣੇ ਪਰਿਵਾਰਾਂ ਨੂੰ ਇਸ ਲਾਗ ਤੋਂ ਸੁਰੱਖਿਅਤ ਰੱਖਣ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 62044 ਐਚ ਆਈ ਵੀ ਮਰੀਜ਼ ਏ. ਆਰ.ਟੀ. (ਐਂਟੀ ਰੈਟਰੋਵਾਇਰਲ ਥਰੈਪੀ) ਸੈਂਟਰਾਂ ਨਾਲ ਰਜਿਸਟਰਡ ਹਨ ਅਤੇ ਐਚ ਆਈ ਵੀ ਦੀ ਜਾਂਚ ਅਤੇ ਰੋਕਥਾਮ ਲਈ 115 ਏਕੀਕ੍ਰਿਤ ਕਾਉਂਸਲਿੰਗ ਅਤੇ ਟੈਸਟਿੰਗ ਕੇਂਦਰ ਹਨ।
ਵਿਆਹ ਤੋਂ ਪਹਿਲਾਂ ਐੱਚ ਆਈ ਵੀ, ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਵਿਆਹ ਤੋਂ ਬਾਅਦ ਦੀ ਸੁਖਦ ਅਤੇ ਤੰਦਰੁਸਤ ਜ਼ਿੰਦਗੀ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਦਾ ਇਲਾਜ ਕੀਤਾ ਜਾ ਸਕਦਾ ਹੈ ਜਦਕਿ ਐਚ ਆਈ ਵੀ ਵਾਇਰਲ ਲੋਡ ਨੂੰ ਸਥਿਰ ਰੱਖ ਕੇ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਲਈ ਕਿਸੇ ਨੂੰ ਵੀ ਆਪਣੀ ਬਿਮਾਰੀ ਨੂੰ ਛੁਪਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਅਤੇ ਸਮਾਜ ਅਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਬੇ-ਝਿਜਕ ਟੈਸਟ ਕਰਵਾਉਣਾ ਚਾਹੀਦਾ ਹੈ।
ਐਚ.ਆਈ.ਵੀ. ਏਡਜ਼ ਅਤੇ ਹੋਰ ਜਿਨਸੀ ਰੋਗਾਂ ਦੇ ਵਿਰੁੱਧ ਜੇਲ੍ਹ ਬੰਦੀਆਂ, ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਚ ਦਾਖਲ ਮਰੀਜ਼ਾਂ ਦੀ ਜਾਂਚ ਲਈ ਪਿਛਲੇ ਦਿਨਾਂ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਂਚ ਬਾਅਦ ਸਾਰੇ ਮਰੀਜ਼ਾਂ ਨੂੰ ਸਿਹਤਮੰਦ ਬਣਾਉਣ ਲਈ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਦੀ ਸਿੱਖਿਆ ਅਤੇ ਸਿਹਤ ਪ੍ਰਤੀ ਚਿੰਤਤ ਹਨ, ਇਸੇ ਕਰਕੇ ਕੇਂਦਰ ਸਰਕਾਰ ਦੇ ਨਾ-ਮਿਲਵਰਤਣ ਦੇ ਬਾਵਜੂਦ ਉਹ ਪੰਜਾਬ ਵਿੱਚ ਜਨਤਕ ਖੇਤਰ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 800 ਨੂੰ ਪਾਰ ਕਰ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਜਲਦੀ ਹੀ ਦੇਸ਼ ਭਰ ਵਿੱਚ ਸਰਵੋਤਮ ਸੂਬਾ ਬਣ ਕੇ ਉਭਰੇਗਾ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮੁੱਖ ਮੰਤਰੀ ਦੇ ਸੁਪਨੇ ਨੂੰ ਹਰ ਕੀਮਤ ‘ਤੇ ਸਾਕਾਰ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਸਕੱਤਰ ਸਿਹਤ ਅਤੇ ਪ੍ਰੋਜੈਕਟਰ ਡਾਇਰੈਕਟਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ: ਬੌਬੀ ਗੁਲਾਟੀ ਵੀ ਹਾਜ਼ਰ ਸਨ।
ਭਗਵੰਤ ਮਾਨ ਸਰਕਾਰ ਨੇ ਜੇਲ੍ਹਾਂ ਵਿੱਚ ਜਾਂਚ ਤੋਂ ਬਾਅਦ ਐੱਚ.ਆਈ.ਵੀ ਅਤੇ ਹੈਪੇਟਾਈਟਸ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਵਿੱਚ ਜਾਂਚ ਸ਼ੁਰੂ ਕੀਤੀ
[wpadcenter_ad id='4448' align='none']