ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-2-2024
Ajj Da Hukamnama
Ajj Da Hukamnama
ਸਲੋਕੁ ਮਃ ੩ ॥
ਸਤਿਗੁਰਿ ਮਿਲਿਐ ਭੁਖ ਗਈ ਭੇਖੀ* ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥ ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥ ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥ ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥ ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥
ਮਃ ੩ ॥
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥ ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥ ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥ ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥
ਪਉੜੀ ॥
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥ ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥ ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥ ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥(ਅਰਥ / ਵਿਆਖਿਆ)
(ਅੰਗ 586 – ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਮਰਦਾਸ ਜੀ / ਰਾਗ ਵਡਹੰਸ / ਵਡਹੰਸ ਕੀ ਵਾਰ (ਮ: ੪))
ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ; (ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ । ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ); ਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ । ਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ । ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ । ਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ । ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ? ਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਤੇ ਜਮਣ-ਮਰਨ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ, ਤੇ ਚਿੰਤਾ ਉੱਕਾ ਹੀ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ । ਸਤਿਗੁਰੂ ਨੇ ਇਸ ਸਮਝ ਬਖ਼ਸ਼ੀ ਹੈ ਕਿ ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ । ਜੋ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਤੀਰਥ ਨ੍ਹਾਉਂਦਾ ਹੈ ਉਸ ਦੀ (ਮਨ ਦੇ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ਤੇ ਮਨ ਪਵਿਤ੍ਰ ਹੋ ਜਾਂਦਾ ਹੈ । ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸਹਿਜੇ ਹੀ ਸਤਸੰਗੀਆਂ ਨੂੰ ਸਤਸੰਗੀ ਆ ਮਿਲਦੇ ਹਨ, ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ ਤੇ ਪ੍ਰਭੂ ਵਿਚ ਬਿਰਤੀ ਜੁੜ ਜਾਂਦੀ ਹੈ । ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ । ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ ॥੨॥
(ਗੁਰੂ ਰਾਮਦਾਸ ਜੀ / ਰਾਗ ਵਡਹੰਸ / ਵਡਹੰਸ ਕੀ ਵਾਰ (ਮ: ੪))
ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ, (ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ । ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ । ਪਰ, ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ । ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ ॥੪॥
Ajj Da Hukamnama