ਮੋਗਾ ਦੇ ਸਮੂਹ ਵਿਧਾਇਕਾਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਮੋਗਾ ਦੇ ਵਿਕਾਸ ਕਾਰਜਾਂ ਲਈ ਕੀਤਾ ਧੰਨਵਾਦ

ਮੋਗਾ, 28 ਫਰਵਰੀ:
ਮੋਗਾ ਦੇ ਵੱਖ ਵੱਖ ਸਥਾਨਾਂ ਉੱਪਰ ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ, ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਵੱਲੋਂ ਬੀਤੇ ਦਿਨ ਰੱਖਿਆ ਗਿਆ।ਇਨ੍ਹਾਂ ਵਿਕਾਸ ਕਾਰਜਾਂ ਲਈ ਜ਼ਿਲ੍ਹਾ ਮੋਗਾ ਦੇ ਸਮੂਹ ਵਿਧਾਇਕਾਂ, ਡਾ. ਅਮਨਦੀਪ ਕੌ ਅਰੋੜਾ (ਮੋਗਾ), ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ (ਬਾਘਾਪੁਰਾਣਾ), ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਂਸ (ਧਰਮਕੋਟ), ਸ੍ਰ. ਮਨਜੀਤ ਸਿੰਘ ਬਿਲਾਸਪੁਰ (ਨਿਹਾਲ ਸਿੰਘ ਵਾਲਾ) ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਦਾ ਧੰਨਵਾਦ ਕੀਤਾ।
ਸਮੂਹ ਵਿਧਾਇਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦੀ ਯੋਗ ਅਗਵਾਈ ਸਦਕਾ ਹੁਣ ਮੋਗਾ ਤੋਂ ਸਮਾਧ ਭਾਈ ਬਾਈਪਾਸ, ਕੋਟ ਈਸੇ ਖਾਂ ਤੋਂ ਗ਼ਾਲਿਬ ਕਲਾਂ, ਧਰਮਕੋਟ ਤੋਂ ਜੋਗੇਵਾਲਾ ਸੜਕ, ਮੋਗਾ ਬਾਈਪਾਸ ਤੋਂ ਮੋਗਾ ਹਰੀਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹਨਾਂ ਸੜਕਾਂ ਦੀ ਕੁੱਲ ਲੰਬਾਈ 76.24 ਕਿਲੋਮੀਟਰ ਬਣਦੀ ਹੈ, ਜਿਸ ਉੱਤੇ 44.52 ਕਰੋੜ ਰੁਪਏ ਦੀ ਲਾਗਤ ਲੱਗਣੀ ਹੈ। ਇਹਨਾਂ ਸੜਕਾਂ ਨਾਲ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਰੂਪ ਵਿੱਚ ਅਤੇ 100 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅਸਿੱਧੇ ਤੌਰ ਉੱਤੇ ਫਾਇਦਾ ਹੋਵੇਗਾ। ਨਿਯਮਾਂ ਮੁਤਾਬਿਕ ਇਹ ਸੜਕਾਂ 5 ਸਾਲ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਸੜਕਾਂ ਬਣਨ ਨਾਲ ਲੋਕਾਂ ਦੀ ਲੰਮੀ ਮੰਗ ਪੂਰੀ ਹੋ ਗਈ ਹੈ। ਇਹਨਾਂ ਸੜਕਾਂ ਦੀ 5 ਸਾਲ ਦੀ ਮੈਂਟੀਨੇਂਸ ਵੀ ਠੇਕੇਦਾਰ ਵੱਲੋਂ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿੱਚ ਦੋ ਹੋਰ ਮੰਜਿਲਾਂ ਦਾ ਵਾਧਾ ਕੀਤਾ ਜਾਣਾ ਹੈ, ਇਸ ਕੰਮ ਲਈ 11 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਹ ਕੰਮ ਵੀ ਜਲਦ ਹੀ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਨੂੰ 3 ਨਵੇਂ 66 ਕੇ ਵੀ ਗ੍ਰਿਡ ਦਿੱਤੇ ਹਨ।
ਵਿਧਾਇਕਾਂ ਨੇ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਵਿਕਾਸ ਕਾਰਜ ਪੰਜਾਬ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਪੱਖੀ ਇਮਾਨਦਾਰੀ ਵਾਲੀ ਸੋਚ ਸਦਕਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਮੋਗਾ ਵਿਖੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਬੜੀ ਹੀ ਦਿਲਚਸਪੀ ਅਤੇ ਵਿਸਥਾਰ ਪੂਰਵਕ ਲਿਆ। ਉਨ੍ਹਾਂ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਪੱਸ਼ਟ ਕਿਹਾ ਕਿ ”ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਜੇਕਰ ਕੋਈ ਵੀ ਵਿਭਾਗ ਜਾਂ ਅਧਿਕਾਰੀ/ਕਰਮਚਾਰੀ ਲਾਪਰਵਾਹੀ ਵਰਤੇਗਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਆਮ ਲੋਕਾਂ ਨੂੰ ਸੁਵਿਧਾਵਾਂ ਤਹਿਤ ਸਮੇਂ ਅੰਦਰ ਮੁਹੱਈਆ ਕਰਵਾਉਣ ਵਿੱਚ ਕੁਤਾਹੀ ਵਾਲੇ ਕਿਸੇ ਵੀ ਠੇਕੇਦਾਰ ਜਾਂ ਸਰਕਾਰੀ ਨੁਮਾਇੰਦੇ ਪ੍ਰਤੀ ਢਿੱਲ ਮੱਠ ਨਹੀਂ ਵਰਤੀ ਜਾਵੇਗੀ”। ਉਨ੍ਹਾਂ ਦੱਸਿਆ ਕਿ ਮੰਤਰੀ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਕ ਵਟਸਐੱਪ ਗਰੁੱਪ ਬਣਾਉਣ ਲਈ ਵੀ ਕਿਹਾ ਹੈ ਜਿਸ ਵਿਚ ਸਾਰੇ ਵਿਧਾਇਕ ਅਤੇ ਸਾਰੇ ਵਿਭਾਗ ਮੁਖੀ ਸ਼ਾਮਿਲ ਹੋਣਗੇ। ਮੰਤਰੀ ਆਪ ਇਸ ਗਰੁੱਪ ਵਿਚ ਰੋਜਾਨਾ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਕਰਨਗੇ।
ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਵੱਲੋਂ ਹਦਾਇਤ ਕੀਤੀ ਕਿ ਸਾਰੇ ਸਕੂਲਾਂ, ਹਸਪਤਾਲਾਂ ਅਤੇ ਆਯੂਸ ਹਸਪਤਾਲ ਦੀ ਇਮਾਰਤ ਨੂੰ ਸੋਲਰ ਊਰਜਾ ਨਾਲ ਜੋੜਿਆ ਜਾਵੇ। ਪੰਜਾਬ ਸਰਕਾਰ ਵੱਲੋਂ ਜਿਹੜੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ, ਉਸ ਕੰਮ ਵਿਚ ਤੇਜੀ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਾਰੀ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿੱਤਾ ਜਾਵੇ। ਉਹਨਾਂ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਨੂੰ ਕਿਹਾ ਕਿ ਲੋੜ ਮੁਤਾਬਿਕ ਸਰਕਾਰੀ ਬੱਸ ਸੇਵਾ ਪਹਿਲ ਦੇ ਅਧਾਰ ਉੱਤੇ ਚਾਲੂ ਕਰਵਾਈ ਜਾਵੇ।
ਉਹਨਾਂ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਜ਼ਿਲ੍ਹਾ ਰੋਜਗਾਰ ਦਫਤਰ ਨੂੰ ਕਿਹਾ ਕਿ ਉਹ ਸਾਂਝੇ ਤੌਰ ਉੱਤੇ ਥਾਂ ਥਾਂ ਕੈਂਪ ਲਗਾ ਕੇ ਲੋਕ ਹਿਤ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣ। ਇਹਨਾਂ ਕੈਂਪਾਂ ਵਿੱਚ ਵਿਧਾਇਕਾਂ ਨੂੰ ਵਿਸੇਸ਼ ਤੌਰ ਉੱਤੇ ਸੱਦਾ ਦਿੱਤਾ ਜਾਵੇ। ਉਹਨਾਂ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਨੂੰ ਕਿਹਾ ਕਿ ਉਹ ਮਗਨਰੇਗਾ ਤਹਿਤ ਖਰੀਦੇ ਜਾਣ ਵਾਲੇ ਮਟੀਰੀਅਲ ਦੇ ਭਾਅ ਦੁਬਾਰਾ ਤੈਅ ਕਰਨ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ ਕੀਤਾ ਜਾ ਸਕੇ। ਜਿਹੜੇ ਅਧਿਕਾਰੀ ਅੱਜ ਦੀ ਮੀਟਿੰਗ ਵਿੱਚ ਹਾਜਰ ਨਹੀਂ ਸਨ, ਉਹਨਾਂ ਖਿਲਾਫ ਸਖਤ ਵਿਭਾਗੀ ਕਰਵਾਈ ਕਰਨ ਬਾਰੇ ਵੀ ਕਿਹਾ ਗਿਆ।

[wpadcenter_ad id='4448' align='none']