ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੁਲਾਈ:
ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਰੈਡ ਕਰਾਸ ਸ਼ਾਖਾ ਵਲੋਂ ‘ਨੋ ਪ੍ਰੋਫਿਟ ਨੋ ਲੋਸ’ ਆਧਾਰ ਤੇ ਚਲਾਈ ਜਾਵੇਗੀ। ਇਹ ਵੈਨ ਜਨ ਔਸ਼ਧੀ ਸਟੋਰ,ਸਿਵਲ ਹਸਪਤਾਲ, ਫੇਜ-6,ਮੋਹਾਲੀ ਦੇ ਨੇੜੇ ਖੜੀ ਰਹੇਗੀ।
ਇਸ ਐਂਬੂਲੈਸ ਵੈਨ ਦੀ ਸਹੂਲਤ ਦਾ ਲਾਭ ਲੈਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਨ ਔਸ਼ਧੀ ਸਟੋਰ ਜਾਂ ਡੀ ਸੀ ਦਫ਼ਤਰ ਦੇ ਕੰਟਰੋਲ ਰੂਮ ਨੰਬਰ 0172-2219506 ਜਾਂ ਡਰਾਈਵਰ ਸ. ਗੁਰਮੀਤ ਸਿੰਘ ਦੇ ਮੋਬਾਇਲ ਨੰਬਰ: 84275-44403 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਸ੍ਰੀਮਤੀ ਆਸ਼ਿਕਾ ਜੈਨ,ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਵੇ ਕਿ ਕੁਦਰਤੀ ਆਪਦਾ ਸਮੇਂ ਰਾਸ਼ਨ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣਾ, ਫਸਟ ਏਡ ਟ੍ਰੇਨਿੰਗ, ਜਨ ਔਸ਼ਧੀ ਸਟੋਰ ਸਕੀਮ ਅਤੇ ਜ਼ਿਲੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਾਖਾ ਵਲੋਂ ਆਕਸੀਜਨ ਕੰਨਸਨਟ੍ਰੇਟਰ ਬੈਂਕ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਵਧੀਕ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ ਹੁੰਦਲ ਅਤੇ ਸਕੱਤਰ ਰੈਡ ਕਰਾਸ ਸ. ਹਰਬੰਸ ਸਿੰਘ ਸਮੇਤ ਰੈਡ ਕਰਾਸ ਟੀਮ ਹਾਜ਼ਰ ਸੀ।
ਡਿਪਟੀ ਕਮਿਸ਼ਨਰ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
[wpadcenter_ad id='4448' align='none']