ਅੰਮ੍ਰਿਤਸਰ 25 ਜੂਨ 2024—
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਚੱਲ ਰਹੇ ਸੁਵਿਧਾ ਕੇਂਦਰਾਂ ਦੇ ਕੰਮਾਂ ਦੀ ਸਮੀਖਿਆ ਕਰਦੇ ਸਾਰੇ ਕੇਂਦਰਾਂ ਦੇ ਕਰਮਚਾਰੀਆਂ ਨੁੰ ਵਧਾਈ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਇਆ ਕਰਵਾ ਕੇ ਰਾਜ ਵਿਚੋਂ ਪਹਿਲੇ ਨੰਬਰ ਉੱਤੇ ਰਿਹਾ ਹੈ ਅਤੇ ਹੁਣ ਘਰ ਬੈਠੇ ਸੇਵਾਵਾਂ ਦੇਣ ਵਿੱਚ ਵੀ ਇਹ ਪਿਰਤ ਜਾਰੀ ਰਹਿਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੀਆਂ 425 ਸੇਵਾਵਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸਾਲ 4 ਲੱਖ 29 ਹਜ਼ਾਰ 839 ਦੇ ਕਰੀਬ ਲੋਕਾਂ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਕੀਤੀ ਗਈ ਹੈ। ਜਿਨਾਂ ਵਿਚੋਂ 407058 ਲੋਕਾਂ ਨੁੰ ਸਮੇਂ ਸਿਰ ਉਨਾਂ ਦੀਆਂ ਸੇਵਾਵਾਂ ਦੇ ਦਿੱਤੀਆਂ ਗਈਆਂ।
ਸ੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 43 ਵੱਖ-ਵੱਖ ਸੇਵਾਵਾਂ ਦਾ ਲਾਭ ਘਰ ਬੈਠਿਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਕੰਮ ਲਈ ਵੀ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ ਅਤੇ ਹੁਣ ਸਾਡਾ ਧਿਆਨ ਹੋਮ ਡਿਲੀਵਰੀ ਕੇਸਾਂ ਤੇ ਵੀ ਬਰਾਬਰ ਰਹੇਗਾ।
ਇਸ ਸਬੰਧੀ ਜਿਲ੍ਹਾ ਪ੍ਰਸਾਸ਼ਨਿਕ ਸੁਧਾਰ ਸਾਖਾ ਦੇ ਤਕਨੀਕੀ ਕੁਆਰਡੀਨੇਟਰ ਸ: ਪ੍ਰਿੰਸ ਸਿੰਘ ਨੇ ਕਰਮਚਾਰੀਆਂ ਨਾਲ ਇਹ ਸਫ਼ਲਤਾ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਅਤੇ ਪਠਾਨਕੋਟ ਦਾ ਸਥਾਨ ਰਿਹਾ ਹੈ। ਉਨਾਂ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਸਮੇਂ ਸਮੇਂ ਸਿਰ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾਲੋ ਨਾਲ ਹੀ ਪੈਂਡੈਂਸੀ ਨੂੰ ਖ਼ਤਮ ਕੀਤਾ ਜਾਂਦਾ ਹੈ। ਜਿਸ ਸਦਕਾ ਅਸੀਂ ਰਾਜ ਭਰ ਵਿਚੋਂ ਸਰਵੋਤਮ ਪ੍ਰਦਰਸ਼ਨ ਕਰ ਸਕੇ।