ਅਨਮੋਲ ਗਗਨ ਮਾਨ ਨੇ ਖਰੜ ਵਿੱਚ 8 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਖਰੜ (ਐਸ.ਏ.ਐਸ. ਨਗਰ), 10 ਅਕਤੂਬਰ:

ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਸੜਕਾਂ ਦੇ ਨਵ-ਨਿਰਮਾਣ ਜਿਸ ਵਿੱਚ ਲੁੱਕ ਅਤੇ ਟਾਈਲਾਂ ਨਾਲ ਬਣਨ ਵਾਲੀਆਂ ਸੜਕਾਂ ਸ਼ਾਮਲ ਹਨ, ਦੇ ਨਿਰਮਾਣ ਦੀ ਸ਼ੁਰੂਆਤ ਕੀਤੀ।

      ਉਨ੍ਹਾਂ ਦੱਸਿਆ ਕਿ ਸੰਨੀ ਐਨਕਲੇਵ (ਐਮ.ਸੀ. ਅਧੀਨ ਖੇਤਰ) ਅਤੇ ਵਾਰਡ ਨੰਬਰ 1, 23, 24 ਅਤੇ 25 ਨੂੰ ਕਵਰ ਕਰਦੇ ਹੋਏ ਕੁੱਲ 8 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਕੁੱਲ ਲੰਬਾਈ ਲਗਭਗ 22 ਕਿਲੋਮੀਟਰ ਦਾ ਪ੍ਰੋਜੈਕਟ ਪੂਰਾ ਕੀਤਾ ਜਾਵੇਗਾ।

     ਵਿਧਾਇਕ ਮਾਨ ਨੇ ਕਿਹਾ ਕਿ ਸੜਕਾਂ ਦੀ ਰੀ-ਕਾਰਪੇਟਿੰਗ (ਲੁੱਕ ਵਾਲੀਆਂ ਸੜਕਾਂ) ਦਾ ਕੰਮ 15 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ ਜਦਕਿ ਕੰਕਰੀਟ ਦੀਆਂ ਟਾਈਲਾਂ ਦਾ ਕੰਮ ਪੂਰਾ ਹੋਣ ਲਈ ਚਾਰ ਮਹੀਨੇ ਲੱਗਣਗੇ।

     ਦੋ ਸਭ ਤੋਂ ਮਹੱਤਵਪੂਰਨ ਸੜਕਾਂ; ਹਸਪਤਾਲ ਰੋਡ ਅਤੇ ਰੰਧਾਵਾ ਰੋਡ ਜੋ ਕਿ ਅੱਗੇ ਲੁਧਿਆਣਾ ਰੋਡ ਨਾਲ ਜੁੜਦੀ ਹੈ, ਦਾ ਜ਼ਿਕਰ ਕਰਦਿਆਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਸੜਕਾਂ ਲੰਬੇ ਸਮੇਂ ਤੋਂ ਮੁਰੰਮਤ ਉਡੀਕਦੀਆਂ ਸਨ ਅਤੇ ਹੁਣ ਇਨ੍ਹਾਂ ਸੜਕਾਂ ‘ਤੇ ਆਉਣਾ-ਜਾਣਾ ਆਸਾਨ ਹੋ ਜਾਵੇਗਾ। 

        ਉਨ੍ਹਾਂ ਕਿਹਾ ਕਿ ਦਰਪਣ ਸਿਟੀ ਅਤੇ ਰਣਜੀਤ ਨਗਰ ਡੰਪ ਤੋਂ ਕੂੜੇ ਦੇ ਢੇਰ ਨੂੰ ਹਟਾਉਣ ਦੀ ਇੱਕ ਹੋਰ ਅਹਿਮ ਮੰਗ ਵੀ ਪੂਰੀ ਹੋ ਗਈ ਹੈ। ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਲ ਵਿੱਚ ਕੰਮ ਨਿਪਟਾਉਣ ਲਈ ਇੱਕ ਫਰਮ ਨੂੰ ਹਾਇਰ ਕੀਤਾ ਜਾ ਚੁੱਕਾ ਹੈ। 

      ਵਿਧਾਇਕ ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਜਲ ਸਪਲਾਈ ਪ੍ਰੋਜੈਕਟ, ਸੀਵਰੇਜ ਪ੍ਰੋਜੈਕਟ ਅਤੇ ਰੋਡ ਨੈਟਵਰਕ ਪ੍ਰੋਜੈਕਟ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਬਾਅਦ ਬੱਸ ਸਟੈਂਡ ਦੀ ਆਖਰੀ ਪਰ ਸਭ ਤੋਂ ਅਹਿਮ ਮੰਗ ਨੂੰ ਵੀ ਸਰਕਾਰ ਜਲਦੀ ਹੀ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ ਕਿਉਂਕਿ ਇਸ ਸਬੰਧੀ ਰਸਮੀ ਕਾਰਵਾਈਆਂ ਜੰਗੀ ਪੱਧਰ ‘ਤੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

      ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹਿਯੋਗ ਨਾਲ ਖਰੜ ਨੂੰ ਇੱਕ ਸੁੰਦਰ ਅਤੇ ਪੂਰੀ ਤਰ੍ਹਾਂ ਵਿਕਸਤ ਸ਼ਹਿਰ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।

[wpadcenter_ad id='4448' align='none']