Appeal of CM Bhagwant Hon
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਵਣ ਮਹਾਂ-ਉਤਸਵ ‘ਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਖ਼ਾਸ ਅਪੀਲ ਵੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨ ਮੋਟਰ ਜਾਂ ਟਿਊਬਵੈੱਲ ਨੇੜੇ ਘੱਟੋ-ਘੱਟ 4 ਰੁੱਖ਼ ਜ਼ਰੂਰ ਲਗਾਉਣ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਲਾਹ ਹੈ, ਲੋੜ ਪਈ ਤਾਂ ਕਾਨੂੰਨ ਵੀ ਬਣਾਵਾਂਗੇ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਮਿਲ ਸਕੇ।
ਉਥੇ ਹੀ ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਬਿਨਾਂ ਨਾਂ ਲਏ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਬੇਅਦਬੀ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੁਆਫ਼ੀ ਭੁੱਲਾਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਜਾਣਬੁੱਝ ਕੇ ਕੀਤਾ ਗਿਆ ਗੁਨਾਹ ਹੁੰਦਾ ਹੈ ਅਤੇ ਗੁਨਾਹਾਂ ਦੀ ਸਿਰਫ਼ ਸਜ਼ਾ ਹੀ ਮਿਲਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਬਾਗੀ ਧੜਾ ਕਹਿ ਰਿਹਾ ਹੈ ਕਿ ਸਾਡੇ ਤੋਂ ਪਹਿਲਾਂ ਬੋਲਿਆ ਨਹੀਂ ਗਿਆ। ਇਕ ਧੜੇ ਨੂੰ ਬੋਲਣ ਲਈ ਕਰੀਬ 8 ਸਾਲ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਕੇਸਾਂ ਦੇ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਦੋਸ਼ੀਆਂ ਨੇ ਤਾਂ ਉਸ ਵੇਲੇ ਆਪ ਹੀ ਜਾਂਚ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੁਝ ਨਵੇਂ ਦਸਤਾਵੇਜ਼ ਤਿਆਰ ਹੋਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਖ਼ੁਲਾਸੇ ਕੀਤੇ ਜਾਣਗੇ। Appeal of CM Bhagwant Hon
ਅੱਗੇ ਬੋਲਦਿਆਂ ਮਾਨ ਨੇ ਕਿਹਾ ਕਿ ਸਾਡੇ ਇਥੇ ਤਿੰਨ ਅਦਾਲਤਾਂ ਹਨ। ਰੱਬ ਅਤੇ ਲੋਕਾਂ ਦੀ ਅਦਾਲਤ ਨੇ ਸਜ਼ਾ ਦਿੱਤੀ ਹੈ ਹੁਣ ਜਲਦੀ ਹੀ ਅਦਾਲਤ ਵੀ ਸਜ਼ਾ ਦੇਵੇਗੀ। ਭਾਵੇਂ ਮਹਿੰਗਾ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਣ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਨਿੰਮ ਤੋਂ ਖ਼ੁਸ਼ੀ ਮਿਲਦੀ ਹੈ ਤਾਂ ਮੈਨੂੰ ਇਹ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਮੇਰੀ ਟਾਹਲੀ ਚੰਗੀ ਹੈ। ਉਨ੍ਹਾਂ ਕਿਹਾ ਕਿ ਰਾਜ ਕਰਨਾ ਅਤੇ ਪ੍ਰਧਾਨਗੀ ਇਹ ਸਭ ਛੋਟੀਆਂ ਗੱਲਾਂ ਹਨ। ਜੇਕਰ ਤੁਹਾਡੀ ਸੇਵਾ ਲੱਗ ਜਾਵੇ ਤਾਂ ਇਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋਵੇਗੀ, ਇਸ ਦੌਰਾਨ ਉਨ੍ਹਾਂ ਨੇ ਉੱਥੇ ਆਯੋਜਿਤ ਪ੍ਰਦਰਸ਼ਨੀ ਵਿੱਚ ਜਾ ਕੇ ਉਤਪਾਦਾਂ ਦਾ ਜਾਇਜ਼ਾ ਲਿਆ। ਪ੍ਰਦਰਸ਼ਨੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।
also read :- ਹਰਿਆਣਾ ਦੇ ਕਿਸਾਨਾਂ ਦਾ 133 ਕਰੋੜ ਦਾ ਕਰਜ਼ਾ ਮੁਆਫ਼: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਰੂਕਸ਼ੇਤਰ ਵਿੱਚ ਸੀਐਮ ਸੈਣੀ ਦਾ ਐਲਾਨ
ਉਥੇ ਹੀ ਬੰਗਲਾਦੇਸ਼ ਤਖ਼ਤਾ ਪਲਟ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਜੋ ਹੋਇਆ ਬੰਗਲਾਦੇਸ਼ ਵਿਚ ਉਹ ਸਾਰਿਆਂ ਨੇ ਵੇਖਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਅੱਧੇ ਘੰਟੇ ‘ਚ ਹੀ ਭੱਜਣਾ ਪੈ ਗਿਆ ਹੈ। ਲੋਕ ਪ੍ਰਧਾਨ ਮੰਤਰੀ ਦੀਆਂ ਮੁਰਗੀਆਂ ਤੇ ਬਤਖਾਂ ਵੀ ਚੁੱਕ ਕੇ ਲਏ ਗਏ ਹਨ। ਜਦੋਂ ਲੋਕਾਂ ਨੂੰ ਤੰਗ ਕੀਤਾ ਜਾਵੇਗਾ ਤਾਂ 20 ਸਾਲ ਬਾਅਦ ਜੇਕਰ ਲੋਕ ਉੱਠਦੇ ਹਨ ਤਾਂ ਇੰਝ ਹੀ ਹਾਲ ਹੁੰਦਾ ਹੈ। ਇਸ ਲਈ ਲੋਕਾਂ ਨੂੰ ਨੌਕਰੀ ਦਿਓ, ਮੌਕੇ ਦਿਓ ਨਹੀਂ ਤਾਂ ਇਹੀ ਹੋਵੇਗਾ। ਕੱਲ੍ਹ ਜੋ ਹੋਇਆ ਉਹ ਇਕ ਬਹੁਤ ਵੱਡਾ ਸਬਕ ਹੈ। Appeal of CM Bhagwant Hon