ਮੋਗਾ, 22 ਅਪ੍ਰੈਲ:
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਵਧਾਉਣ ਲਈ ਮੋਗਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰੇਕ ਵਰਗ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਇਨ੍ਹਾਂ ਯਤਨਾ ਦੀ ਲਗਾਤਾਰਤਾ ਵਿੱਚ ਅੱਜ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਵੱਲੋਂ ਜ਼ਿਲ੍ਹਾ ਮੋਗਾ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ।
ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਵਿੱਚ ਵੋਟ ਦੀ ਮਹੱਤਤਾ ਪ੍ਰਤੀ ਚੇਤਨਤਾ ਪੈਦਾ ਕਰਕੇ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਪ੍ਰਿੰਸੀਪਲ ਬੱਚਿਆਂ ਨੂੰ ਜਾਗਰੂਕ ਕਰਨ ਕਿ ਉਹ ਇਸ ਗੱਲ ਤੇ ਜ਼ੋਰ ਦੇਣ ਕਿ ਉਨ੍ਹਾਂ ਦੇ ਮਾਤਾ-ਪਿਤਾ, ਭੈਣ-ਭਰਾ, ਬਜ਼ੁਰਗ ਵੋਟ ਦੇ ਸਹੀ ਤੇ ਲਾਜ਼ਮੀ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ । ਇਸ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਕਰਨ ਲਈ ਪ੍ਰਿੰਸੀਪਲ ਰੋਜ਼ਾਨਾ ਬੱਚਿਆਂ ਵੋਟ ਦੇ ਵਿਸ਼ੇ ਉੱਪਰ ਭਾਸ਼ਣ ਦੇਣ। ਮੀਟਿੰਗ ਵਿੱਚ ਭਾਰਤੀ ਚੋਣ ਕਮਿਸ਼ਨ ਦੀਆਂ ਪ੍ਰੈਜੇਨਟੇਸ਼ਨ ਅਤੇ ਵੀਡਿਓਜ਼ ਰਾਹੀਂ ਦੱਸਿਆ ਕਿ ਅਧਿਆਪਕ ਕਿਵੇਂ ਬੱਚਿਆਂ ਨੂੰ ਇਸ ਦਿਸ਼ਾ ਵਿੱਚ ਜਾਗਰੂਕ ਕਰ ਸਕਦੇ ਹਨ ਤਾਂ ਕਿ ਬੱਚੇ ਆਪਣੇ ਸਾਰੇ ਪਰਿਵਾਰਿਕ ਮੈਂਬਰਾਂ ਦੀ ਵੋਟ ਪੁਆਉਣ ਲਈ ਕੰਮ ਕਰ ਸਕਣ।
ਸ਼ੁਭੀ ਆਂਗਰਾ ਨੇ ਸਮੂਹ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਕਿ ਜਿਹੜੇ ਸਕੂਲਾਂ ਵਿੱਚ ਹਾਲੇ ਤੱਕ ਇਲੈਕਟੋਰਲ ਲਿਟਰੇਸੀ ਕਲੱਬ ਨਹੀਂ ਬਣਾਏ ਗਏ ਹਨ ਉਹ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਦਾ 25 ਅਪ੍ਰੈਲ ਤੱਕ ਗਠਨ ਕਰਨ ਨੂੰ ਯਕੀਨੀ ਬਣਾਉਣ। ਸਮੂਹ ਸਕੂਲ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਬੱਚਿਆਂ ਦੇ ਮਾਤਾ ਪਿਤਾ ਨਾਲ ਮਾਪੇ ਅਧਿਆਪਕ ਮਿਲਣੀਆਂ ਵੀ ਆਯੋਜਿਤ ਕਰਵਾਉਣ ਕਿਉਂਕਿ ਨਵੀਂਆਂ ਵੋਟਾਂ 4 ਮਈ, 2024 ਤੱਕ ਬਣਵਾਈਆਂ ਜਾ ਸਕਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਕੜੇ ਇਕੱਤਰ ਕੀਤੇ ਗਏ ਹਨ ਕਿ ਹਾਲੇ ਵੀ ਅੰਦਾਜ਼ਨ 10 ਫ਼ੀਸਦੀ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀ ਵੋਟ ਨਹੀਂ ਬਣਵਾਈ ਹੈ। ਅਜਿਹੇ ਮੁੰਡੇ ਕੁੜੀਆਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਵੋਟ ਦਾ ਜਰੂਰੀ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਅਕ ਸੰਸਥਾਵਾਂ ਇਸ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਵੀਪ ਗਤੀਵਿਧੀਆਂ ਹਰੇਕ ਸਕੂਲ ਵਿੱਚ ਕਰਵਾਈਆਂ ਜਾਣ।
ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ। ਸਮੂਹ ਸਕੂਲਾਂ ਦੇ ਇੰਚਾਰਜਾਂ ਤੇ ਪ੍ਰਿੰਸੀਪਲਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਹਰ ਪੱਖ ਤੋਂ ਯਤਨ ਕਰਨਗੇ।
ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਸਵੀਪ ਨੋਡਲ ਅਫ਼ਸਰ ਮੋਗਾ ਅਮਨਦੀਪ ਗੋਸਵਾਮੀ, ਸਵੀਪ ਨੋਡਲ ਅਫ਼ਸਰ ਨਿਹਾਲ ਸਿੰਘ ਵਾਲਾ ਕੁਲਵਿੰਦਰ ਧਾਲੀਵਾਲ, ਸਵੀਪ ਨੋਡਲ ਅਫ਼ਸਰ ਧਰਮਕੋਟ ਡਾੀ ਪਰਮਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਲਦੇਵ ਸਿੰਘ, ਡਿਪਟੀ ਸਿੱਖਿਆ ਅਫ਼ਸਰ (ਸ) ਗੁਰਦਿਆਲ ਸਿੰਘ, ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਪ੍ਰਿੰਸੀਪਲ/ਇੰਚਾਰਜ ਹਾਜ਼ਰ ਸਨ।
ਸਹਾਇਕ ਕਮਿਸ਼ਨਰ ਸੁਭੀ ਆਂਗਰਾ ਵੱਲੋਂ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ
Date: