ਰਾਏਕੇ ਕਲਾਂ ਵਿਖੇ ਘਰ-ਘਰ ਜਾ ਕੇ ਪਸ਼ੂਆਂ ਲਈ ਮਲੱਪ ਰਹਿਤ ਕਰਨ ਦੀਆਂ ਗੋਲੀਆਂ ਮੁਫ਼ਤ ਵੰਡੀਆਂ

ਬਠਿੰਡਾ, 3 ਫਰਵਰੀ : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ, ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ ਦੀ ਰਹਿਨੁਮਾਈ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਡਾ. ਰਾਜਦੀਪ ਸਿੰਘ ਵੱਲੋਂ ਪਿੰਡ ਰਾਏਕੇ ਕਲਾਂ ਵਿਖੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਪਸ਼ੂ ਪਾਲਣ ਵਿਭਾਗ ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਵੱਲੋਂ ਘਰ-ਘਰ ਜਾ ਕੇ ਪਸ਼ੂਆਂ ਲਈ ਮਲੱਪ ਰਹਿਤ ਕਰਨ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ।

        ਇਸ ਦੌਰਾਨ ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਸਾਰੇ ਜ਼ਿਲ੍ਹੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਮੱਝਾਂ/ਗਾਵਾਂ ਨੂੰ ਮਲੱਪ ਰਹਿਤ ਕਰ ਕੇ ਤੰਦਰੁਸਤ ਰੱਖਣ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂਆਂ ਦੀ ਮੂੰਹਖੁਰ ਦੀ ਬੀਮਾਰੀ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਟੀਕਾਕਰਨ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ।

        ਪਿੰਡ ਰਾਏਕੇ ਕਲਾਂ ਵਿਖੇ ਚੱਲ ਰਹੀ ਆਊਟਬਰੇਕ ਬਾਰੇ ਦੱਸਦੇ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਬਠਿੰਡਾ ਡਾ.ਰਾਜਦੀਪ ਸਿੰਘ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਬਠਿੰਡਾ ਡਾ.ਦਲਜੀਤ ਸਿੰਘ ਧਾਮੀ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿੱਚ ਰਿੰਗ ਵੈਕਸੀਨੇਸ਼ਨ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੀਆਂ ਹਦਾਇਤਾਂ ਮੁਤਾਬਿਕ ਇਸ ਪਿੰਡ ਵਿੱਚ ਗਲ ਘੋਟੂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪਸ਼ੂ ਪਾਲਣ ਵਿਭਾਗ ਦੀਆਂ 10 ਟੀਮਾਂ ਵੱਲੋਂ ਦਿਨ ਰਾਤ ਪਸ਼ੂਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਪੂਰੀ ਤਨਦੇਹੀ ਨਾਲ ਬਿਮਾਰੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

        ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਆਪਸੀ ਆਵਾਜਾਈ ਘੱਟ ਤੋਂ ਘੱਟ ਕਰਨ ਲਈ ਕਿਹਾ ਗਿਆ ਅਤੇ ਹਰ ਕਿਸਮ ਦੇ ਬਾਇਓਸਕਿਓਰਿਟੀ ਸਾਧਨ ਅਪਨਾਉਣ ਬਾਰੇ ਜਾਗਰੂਕ ਕੀਤਾ ਗਿਆ। ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹਰ ਹਫ਼ਤੇ ਫ਼ੋਗਿੰਗ ਵੀ ਕਰਵਾਈ ਜਾ ਰਹੀ ਹੈ, ਤਾ ਕਿ ਬੀਮਾਰੀ ਦੇ ਵਿਸ਼ਾਣੂਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜਲਦ ਹੀ ਪਿੰਡ ਰਾਏ ਕੇ ਕਲਾਂ ਵਿਖੇ ਚੱਲ ਰਹੀ ਬੀਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ।

[wpadcenter_ad id='4448' align='none']