Thursday, January 16, 2025

1500 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਸਹੂਲਤ ਲਈ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਜਾਣਗੇ – ਜ਼ਿਲ੍ਹਾ ਚੋਣ ਅਫ਼ਸਰ ਸਾਹਨੀ

Date:

ਲੁਧਿਆਣਾ, 27 ਮਾਰਚ (000) – ਲੋਕ ਸਭਾ ਚੋਣਾਂ-2024 ਦੇ ਪੋਲਿੰਗ ਵਾਲੇ ਦਿਨ (1 ਜੂਨ ਨੂੰ) ਵੋਟਰਾਂ ਦੀ ਸਹੂਲਤ ਲਈ ਉਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਸਹਾਇਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਜਿੱਥੇ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਹੈ।

ਇਸ ਗੱਲ ਦਾ ਪ੍ਰਗਟਾਵਾ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਆਪਣੇ ਦਫ਼ਤਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ 1500 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ‘ਤੇ ਸਹਾਇਕ ਸਟੇਸ਼ਨ ਬਣਾਏ ਗਏ ਹਨ। ਸਹਾਇਕ ਪੋਲਿੰਗ ਸਟੇਸ਼ਨ, ਪਹਿਲਾਂ ਤੋਂ ਸਥਾਪਿਤ ਪੋਲਿੰਗ ਸਟੇਸ਼ਨ ਵਾਲੀ ਬਿਲਡਿੰਗ ਵਿੱਚ ਹੀ ਸਥਾਪਿਤ ਕੀਤੇ ਗਏ ਹਨ, ਤਾਂ ਜੋ ਵੋਟਰਾਂ ਨੂੰ ਲੰਬੀਆਂ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ ਅਤੇ ਵੋਟਿੰਗ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਹੋ ਸਕੇ।

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਦੇ ਦੋ ਪੋਲਿੰਗ ਸਟੇਸ਼ਨਾਂ ‘ਤੇ ਸਹਾਇਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਜਿਸ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਖੁਰਦ (ਸਾਹਨੇਵਾਲ) ਵਿੱਚ ਅਤੇ ਦੂਜਾ ਸਰਕਾਰੀ ਹਾਈ ਸਕੂਲ (ਐਲੀਮੈਂਟਰੀ ਸੈਕਸ਼ਨ) ਲੋਹਾਰਾ (ਲੁਧਿਆਣਾ ਦੱਖਣੀ) ਵਿਖੇ ਸ਼ਾਮਲ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਖੁਰਦ ਵਿੱਚ ਨਿਊ ਦੁਰਗਾ ਕਲੋਨੀ ਅਤੇ ਢੰਡਾਰੀ ਖੁਰਦ ਵਿੱਚ ਰਹਿੰਦੇ ਵੋਟਰਾਂ ਲਈ ਸਹਾਇਕ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ ਜਦਕਿ ਸਰਕਾਰੀ ਹਾਈ ਸਕੂਲ, ਲੋਹਾਰਾ ਵਿੱਚ ਸਹਾਇਕ ਸਟੇਸ਼ਨ ਕਰਮਜੀਤ ਨਗਰ, ਮੁਖਤਿਆਰ ਨਗਰ, ਸੁਮਨ ਹੀਰੋ ਨਗਰ ਅਤੇ ਆਸਥਾ ਕਲੋਨੀ ਵਿੱਚ ਰਹਿਣ ਵਾਲੇ ਵੋਟਰਾਂ ਲਈ ਸਥਾਪਿਤ ਕੀਤਾ ਜਾਵੇਗਾ। ਇਹ ਵੇਰਵੇ ਭਾਰਤੀ ਚੋਣ ਕਮਿਸ਼ਨ ਨਾਲ ਵੀ ਸਾਂਝੇ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਸਹਾਇਕ ਪੋਲਿੰਗ ਸਟੇਸ਼ਨ ਦੇ ਕੰਮਕਾਜ ਦੀ ਦੇਖਭਾਲ ਲਈ ਇੱਕ ਵਾਧੂ ਪੋਲਿੰਗ ਪਾਰਟੀ ਤਾਇਨਾਤ ਕੀਤੀ ਜਾਵੇਗੀ। ਪੋਲਿੰਗ ਵਾਲੇ ਦਿਨ ਵੋਟਰਾਂ ਦਾ ਮਾਰਗਦਰਸ਼ਨ ਕਰਨ ਲਈ ਇੱਕ ਵੋਟਰ ਹੈਲਪ ਡੈਸਕ ਵੀ ਸਥਾਪਿਤ ਕੀਤਾ ਜਾਵੇਗਾ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ ਬਾਰੇ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਨ੍ਹਾਂ ਨੂੰ ਕਿਹੜੇ ਕਦਮਾਂ/ਸਾਵਧਾਨੀ ਵਰਤਣ ਦੀ ਲੋੜ ਹੈ, ਬਾਰੇ ਜਾਣੂ ਕਰਵਾਇਆ।

ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸਮਾਗਮ ਤੋਂ 48 ਘੰਟੇ ਪਹਿਲਾਂ ਕਿਸੇ ਵੀ ਰੈਲੀਆਂ, ਜਨਤਕ ਮੀਟਿੰਗਾਂ ਆਦਿ ਦੀ ਪ੍ਰਵਾਨਗੀ ਲਈ ਆਨਲਾਈਨ ਅਪਲਾਈ ਕਰਨ। ਪਾਰਟੀਆਂ ਸੁਵਿਧਾ ਆਨਲਾਈਨ ਪੋਰਟਲ ਰਾਹੀਂ ਪ੍ਰਵਾਨਗੀ ਲਈ ਅਰਜ਼ੀ ਦੇ ਸਕਦੀਆਂ ਹਨ।

ਇਸ ਤੋਂ ਇਲਾਵਾ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਕਿਸੇ ਨਿੱਜੀ ਜਾਇਦਾਦ ‘ਤੇ ਝੰਡਾ/ਹੋਰਡਿੰਗ ਆਦਿ ਲਗਾਉਣ ਤੋਂ ਪਹਿਲਾਂ ਮਾਲਕਾਂ ਦੀ ਸਹਿਮਤੀ ਲੈਣ ਅਤੇ ਇਹ ਸਹਿਮਤੀ ਪੱਤਰ ਸਬੰਧਤ ਅਧਿਕਾਰੀਆਂ ਕੋਲ ਜਮ੍ਹਾ ਕਰਵਾਉਣਾ ਹੋਵੇਗਾ, ਨਹੀਂ ਤਾਂ ਆਦਰਸ਼ ਚੋਣ ਜਾਬਤੇ ਦੀਆਂ ਵਿਵਸਥਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਕਰਵਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

Share post:

Subscribe

spot_imgspot_img

Popular

More like this
Related