ਸੜਕ ਸੁਰੱਖਿਆ ਮਹੀਨੇ ਤਹਿਤ 34 ਸੈਮੀਨਾਰ ਆਯੋਜਿਤ ਕਰਕੇ ਫੈਲਾਈ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ

ਮੋਗਾ, 16 ਫਰਵਰੀ:
ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2024 ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।ਹੋਰਨਾਂ ਵਿਭਾਗਾਂ ਦੇ ਨਾਲ-ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਵੀ ਜਾਗਰੂਕਤਾ ਗਤੀਵਿਧੀਆਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀਆਂ ਗਈਆਂ। ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਇਸ ਜਾਗਰੂਕਤਾ ਮਹੀਨੇ ਤਹਿਤ ਕੁੱਲ ਵੱਖ ਵੱਖ ਥਾਵਾਂ ਤੇ 34 ਕੈਂਪ ਆਯੋਜਿਤ ਕੀਤੇ ਗਏ, ਜਿਹਨਾਂ ਵਿੱਚ 5400 ਤੋਂ ਵਧੇਰੇ ਲੋਕਾਂ/ਵਿਦਿਆਰਥੀਆਂ/ਡਰਾਈਵਰਾਂ/ਕੰਡਰਕਟਰਾਂ ਨੇ ਸ਼ਮੂਲੀਅਤ ਕਰਕੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਹਾਸਲ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਸ੍ਰ. ਕੇਵਲ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਤਹਿਤ ਵੱਖ ਵੱਖ ਸਕੂਲਾਂ, ਕਾਲਜਾਂ, ਖੇਡ ਸਟੇਡੀਅਮ, ਕਲੱਬਾਂ, ਟਰੱਕ ਯੂਨੀਅਨਾਂ, ਕੇਂਦਰ ਯੂਨੀਅਨਾਂ, ਹਾਥੀ ਏਸ, ਪਿਕਅੱਪ ਯੂਨੀਅਨਾਂ, ਈ-ਰਿਕਸ਼ੇ, ਆਟੋ ਰਿਕਸ਼ੇ ਅਤੇ ਵੱਖ ਵੱਖ ਟੈਕਸੀ ਸਟੈਂਡਾਂ ਤੇ ਜਾ ਕੇ ਡਰਾਈਵਰਾਂ, ਕੰਡਕਟਰਾਂ, ਸਕੂਲਾਂ, ਕਾਲਜਾਂ ਦੇ ਬੱਚਿਆਂ, ਅਤੇ ਆਮ ਜਨਤਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਅਤੇ ਸਕੂਲੀ ਡਰਾਈਵਰਾਂ ਦੀਆਂ ਅੱਖਾਂ ਦੀ ਚੈਕਿੰਗ ਵੀ ਕਰਵਾਈ ਗਈ। ਵਹੀਕਲਾਂ ਉੱਪਰ ਰਿਫ਼ਲੈਕਟਰ, ਸਟਿੱਕਰ ਆਦਿ ਲਗਾਏ ਗਏ।  
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਕੈਂਪਾਂ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਜਾਗਰੂਕਤਾ ਸੈਮੀਨਾਰਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਨੂੰ ਘਟਾਉਣ ਲਈ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਬਹੁਤ ਹੀ ਜਰੂਰੀ ਹੈ, ਇਸੇ ਕਰਕੇ ਇਸ ਮਹੀਨੇ ਤਹਿਤ ਲਗਾਤਾਰ 34 ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾਂ ਵਿੱਚ ਸਿਲੇਸ਼ੀਅਨ ਫੰਡ ਮੁਆਵਜਾ ਸਕੀਮ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿਸੀਟ ਬੈਲਟ ਅਤੇ ਹੈਲਮਟ ਸੜਕੀ ਹਾਦਸਿਆਂ ਵਿੱਚ ਮਨੁੱਖੀ ਜਾਨਾਂ ਬਚਾਉਣ ਦੇ ਮਹੱਤਵਪੂਰਨ ਸਾਧਨ ਹਨ, ਜਿਹਨਾਂ ਦੀ ਵਰਤੋਂ ਕਰਨ ਤੇ ਇਨ੍ਹਾਂ ਸੈਮੀਨਾਰਾਂ ਵਿੱਚ ਜ਼ੋ਼ਰ ਦਿੱਤਾ ਗਿਆ। ਉਨ੍ਹਾਂ ਦੱਸਿਆ ਟ੍ਰੈਫਿਕ ਐਜੂਕੇਸ਼ਨ ਸੈੱਲ ਦੀਆਂ ਗਤੀਵਿਧੀਆਂ ਅੱਗੇ ਵੀ ਜਾਰੀ ਰਹਿਣਗੀਆਂ।

[wpadcenter_ad id='4448' align='none']