ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਦੀਆਂ ਜਾਗਰੂਕਤਾ ਗਤੀਵਿਧੀਆਂ ਜਾਰੀ

ਨਿਹਾਲ ਸਿੰਘ ਵਾਲਾ, 7 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸ਼ਨ ਤੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ  ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਜਾਗਰੂਕਤਾ ਗਤੀਵਿਧੀਆਂ ਪੂਰੇ ਜੋਰਾਂ ਨਾਲ ਜਾਰੀ ਹਨ, ਤਾਂ ਤਾਂ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਨਿਹਾਲ ਸਿੰਘ ਵਾਲਾ ਡਾ. ਰੰਚਨਦੀਪ ਕੌਰ ਨੇ ਦੱਸਿਆ ਕਿ ਅੱਜ ਇਹਨਾਂ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਤਹਿਤ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਝੋਨੇ, ਕਣਕ ਦੀ ਫ਼ਸਲ ਵਿੱਚ ਆੳਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਅਤੇ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹਵਾ ਦੇ ਦੂਸ਼ਿਤ ਹੋਣ ਬਾਰੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਬਾਰੇ ਦੱਸਦੇ ਹੋਏ ਝੋਨੇ ਦੀ ਪਰਾਲੀ ਨੂੰ ਬਿਨਾ ਸਾੜੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ।
ਬਲਾਕ ਖੇਤੀਬਾੜੀ ਅਫਸਰ ਡਾ. ਰੰਚਨਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਬੇਲਰ, ਸੁਪਰਸੀਡਰ, ਹੈਪੀਸੀਡਰ, ਮਲਚਰ ਆਦਿ ਦੀ ਵਰਤੋਂ ਬਾਰੇ ਦੱਸਿਆ। ਕਿਸਾਨਾਂ ਨੂੰ ਸਮੈਮ, ਸੀ.ਡੀ.ਪੀ ਅਤੇ ਸੀ.ਆਰ.ਐਮ ਸਕੀਮ ਅਧੀਨ ਪਰਾਲੀ ਸਾਂਭਣ ਲਈ ਖੇਤੀਬਾੜੀ ਮਸ਼ੀਨਰੀ ‘ਤੇ ਮਿਲਣ ਵਾਲੀ ਸਬਸਿਡੀ ਬਾਰੇ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾਂਭਣ ਲਈ ਸਰਫੇਸ ਸੀਡਰ ਮਸ਼ੀਨਰੀ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਹਿਮਤੀ ਪ੍ਰਗਟਾਈ ਜਾ ਰਹੀ ਹੈ ਅਤੇ ਕਿਸਾਨਾਂ ਅਤੇ ਵਾਤਾਵਰਨ ਦੀ ਭਲਾਈ ਲਈ ਇਹ ਜਾਗਰੂਕਤਾ ਕੈਂਪ ਲਗਾਤਾਰ ਜਾਰੀ ਰਹਿਣਗੇ। ਇਸ ਕੈਂਪ ਵਿੱਚ ਕੁਲਜੀ ਸਿੰਘ, ਮੰਗੂ ਸਿੰਘ ਦੋਨੋਂ ਏ.ਐਸ.ਆਈ. ਤੇ ਯੋਧਪ੍ਰੀਤ ਸਿੰਘ ਵੀ ਜਾਗਰੂਕਤਾ ਟੀਮ ਵਿੱਚ ਮੌਜੂਦ ਸਨ।

[wpadcenter_ad id='4448' align='none']