Balwant Singh Rajoana on Amit Shah: ਕੇਂਦਰੀ ਜੇਲ੍ਹ ਪਟਿਆਲਾ ਦੀ ਫਾਂਸੀ ਕੋਠੀ ਨੰਬਰ 16 ਤੋਂ ਇੱਕ ਚਿੱਠੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ਆਈ ਹੈ। ਇਹ ਚਿੱਠੀ ਇਸੇ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਲਿਖੀ ਹੈ। ਇਸ ਵਿੱਚ ਅਮਿਤ ਸ਼ਾਹ ਨੂੰ ਜਵਾਬ ਭੇਜਿਆ ਗਿਆ ਹੈ ਜੋ ਸਵਾਲ ਗ੍ਰਹਿ ਮੰਤਰੀ ਨੇ ਲੋਕ ਸਭਾ ਵਿੱਚ ਚੁੱਕੇ ਸਨ। ਲੋਕ ਸਭਾ ਵਿੱਚ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਮੁੱਦਾ ਚੁੱਕਿਆ ਸੀ। ਜਿਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜਿਸ ਦੋਸ਼ੀ ਨੂੰ ਆਪਣਾ ਗੁਨਾਹ ਦਾ ਪਛਤਾਵਾ ਹੀ ਨਹੀਂ ਉਹ ਰਹਿਮ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ।
ਇਸ ਦੇ ਜਵਾਬ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ – ”ਸੱਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਮੈਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਹੈ ਕਿ ” ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ, ਉਹ ਵਿਅਕਤੀ ਦਇਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ” ।ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਹੋਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਤੁਸੀਂ ਮੇਰੇ ਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ, ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ। ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਤਾਂ ਫਿਰ ਪਛਤਾਵਾ ਕਿਸ ਗੱਲ ਦਾ, ਮਾਫ਼ੀ ਕਿਸ ਗੱਲ ਦੀ ?
ਮੈਂ ਤੁਹਾਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਇਹ ਕਿਹਾ ਸੀ ਕਿ 1984 ਵਿੱਚ ਕਾਂਗਰਸੀ ਹੁਕਮਰਾਨਾਂ ਵਲੋਂ ਸਿੱਖਾਂ ਦੇ ਸਰਵ-ਉੱਚ ਧਾਰਮਿਕ ਅਸਥਾਨ ਰੂਹਾਨੀਅਤ ਦੇ ਕੇਂਦਰ “ਸ਼੍ਰੀ ਦਰਬਾਰ ਸਾਹਿਬ ਜੀ”ਤੇ ਟੈਕਾਂ ਅਤੇ ਤੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੋਭਿਆ ਹੋਇਆ ਖੰਜਰ ਹੈ, ਕਾਂਗਰਸੀ ਹੁਕਮਰਾਨਾਂ ਵਲੋਂ ਕੀਤੇ ਹੋਏ ਗੁਨਾਹ ਅਤੇ ਪਾਪ ਹਨ। ਹੁਣ ਤੁਸੀਂ ਹੀ ਦੱਸੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੰਜਰ ਖੋਭਣ ਵਾਲੇ ਗੁਨਾਹਗਾਰਾਂ ਨਾਲ, ਪਾਪੀਆਂ ਨਾਲ ਖੜਨਾ, ਉਨ੍ਹਾਂ ਦੀ ਪੁਸਤਪਨਾਹੀ ਕਰਨਾ ਗੁਨਾਹ ਹੈ ਜਾਂ ਇਨ੍ਹਾਂ ਪਾਪੀਆਂ ਦੇ ਖਿਲਾਫ਼ ਲੜ੍ਹਨਾਂ ਗੁਨਾਹ ਹੈ ? ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਹੋਇਆ ਬਿਆਨ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮਾਂ ਨਾਲ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਦਾ ਅਤੇ ਮੋਦੀ ਜੀ ਵੱਲੋਂ ਪ੍ਗਟ ਕੀਤੀਆਂ ਭਾਵਨਾਵਾਂ ਦਾ ਅਪਮਾਨ ਹੈ। ਅਮਿਤ ਸ਼ਾਹ ਜੀ, ਜਿੱਥੋਂ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਜਾਂ ਨਾ ਮੰਨਣ ਦੀ ਗੱਲ ਹੈ। ਮੈਂ ਅਦਾਲਤ ਵਿੱਚ ਸੱਚ ਬੋਲਿਆ, ਮੈਂ ਜੋ ਵੀ ਕੀਤਾ, ਉਸਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ । ਮੈਂ ਅਦਾਲਤਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਸੱਭ ਕਿਉਂ ਕੀਤਾ ਹੈ। ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ।ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ।
ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਕਤਲੇਆਮ ਕਰਨ ਵਾਲੇ, ਗੁਜਰਾਤ ਦੰਗਿਆਂ ਦੇ ਦੋਸ਼ੀ, ਬੀਬੀ ਬਿਲਕਿਸ ਬਾਨੋ ਦੇ ਗੁਨਾਹਗਾਰ ਅਤੇ ਹੋਰ ਵੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰਨ ਵਾਲੇ ਸਾਰੇ ਗੁਨਾਹਗਾਰ ਅਤੇ ਅਪਰਾਧੀ ,ਕੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ ? ਕੀ ਸੰਵਿਧਾਨ ਉਨ੍ਹਾਂ ਨੂੰ ਇਹ ਸਾਰੇ ਘਿਨੌਣੇ ਅਪਰਾਧ ਕਰਨ ਦੀ ਇਜਾਜ਼ਤ ਦਿੰਦਾ ਹੈ?ਫਿਰ ਤਾਂ ਅਜ਼ਬ ਹੈ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਫਲਸਫ਼ਾ ! ਕਿ ਜਿੰਨੇ ਮਰਜ਼ੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰੋ, ਫਿਰ ਅਦਾਲਤਾਂ ਵਿੱਚ ਆ ਕੇ ਮੁਨਕਰ ਹੋ ਜਾਵੋ, ਚੰਗੇ ਵਕੀਲ ਕਰੋ, ਕੇਸ ਲੜੋ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰੋ ਅਤੇ ਰਿਹਾਅ ਹੋ ਜਾਵੋ।
READ ALSO:ਪੈਟਰੋਲ ਪੰਪਾਂ ਉਤੇ ਡੋਲੂ-ਬਾਲਟੀਆਂ ਲੈ ਕੇ ਤੇਲ ਲੈਣ ਪੁੱਜ ਰਹੇ ਨੇ ਲੋਕ
ਕੀ ਫਿਰ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਇਹ ਸਾਰਾ ਵਰਤਾਰਾ ਝੂਠ, ਧੋਖੇ, ਫਰੇਬ ਅਤੇ ਗੁਨਾਹਗਾਰਾਂ ਅਤੇ ਅਪਰਾਧੀਆਂ ਦੀ ਪੁਸਤਪਨਾਹੀ ਨਹੀਂ ਕਰ ਰਿਹਾ ? ਇਸ ਝੂਠ ਦੇ ਚੱਲ ਰਹੇ ਕਾਰੋਬਾਰ ਦੇ ਵਿੱਚੋਂ ਸੱਚ ਨੂੰ ਸਮਰਪਿਤ ਸੱਭਿਅਕ ਸਮਾਜ ਦੀ ਸਿਰਜਣਾ ਕਿਵੇਂ ਹੋ ਸਕੇਗੀ। ਤੁਹਾਨੂੰ ਸੋਚਣ ਦੀ ਜਰੂਰਤ ਹੈ। ਤੁਹਾਨੂੰ ਸੱਚ ਤੋਂ ਡਰਨ ਦੀ ਨਹੀਂ ਸਗੋਂ ਸੱਚ ਦਾ ਸਨਮਾਨ ਕਰਨ ਦੀ ਜਰੂਰਤ ਹੈ,ਨਹੀਂ ਤਾਂ ਸਾਡੇ ਜੀਵਨਾਂ ਦੇ ਵਿੱਚੋਂ ਸੱਚ ਸਮਾਪਤ ਹੋ ਜਾਵੇਗਾ। ਵੈਸੇ ਸੱਚ ਅਤੇ ਹੁਕਮਰਾਨਾਂ ਦਾ ਸਦੀਆਂ ਤੋਂ ਵੈਰ ਹੀ ਰਿਹਾ ਹੈ। ਅਮਿਤ ਸ਼ਾਹ ਜੀ, ਜਦੋਂ ਮੈਂ ਅਦਾਲਤਾਂ ਵਿੱਚ ਆਪਣੇ ਕੀਤੇ ਨੂੰ ਸਵੀਕਾਰ ਹੀ ਕਰ ਲਿਆ, ਉਸ ਦੇ ਬਦਲੇ ਮਿਲੀ ਸਜ਼ਾ ਨੂੰ ਵੀ ਹੱਸ ਕੇ ਸਵੀਕਾਰ ਕਰ ਲਿਆ। ਫਿਰ ਕਿਸੇ ਅੱਗੇ ਕੋਈ ਅਪੀਲ ਕਰਨ ਦਾ ਜਾਂ ਫਿਰ ਕਿਸੇ ਤੋਂ ਰਹਿਮ ਮੰਗਣ ਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ।
Balwant Singh Rajoana on Amit Shah