ਬਠਿੰਡਾ, 13 ਜੂਨ- ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਐੱਸ.ਐੱਸ.ਪੀ ਬਠਿੰਡਾ ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐੱਸ.ਪੀ (ਸ਼ਹਿਰੀ) ਬਠਿੰਡਾ ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐੱਸ ਦੀ ਅਗਵਾਈ ਹੇਠ ਸੀ.ਆਈ.ਏ-1 ਦੀ ਟੀਮ ਵੱਲੋਂ ਥਾਣਾ ਕੈਨਾਲ ਕਲੋਨੀ ਦੇ ਏਰੀਏ ਦੀ ਵੰਡ ਕਰਕੇ ਅਚਨਚੇਤ (CASO) ਅਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ।
ਇਸ ਮੌਕੇ ਐੱਸ.ਪੀ (ਸ਼ਹਿਰੀ) ਬਠਿੰਡਾ ਸ਼੍ਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅਚਨਚੇਤ ਤੜਕਸਾਰ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਥਾਣਾ ਕੈਨਾਲ ਕਲੋਨੀ ਦੇ ਏਰੀਏ ਦੀ ਵੰਡ ਕਰਕੇ ਏਰੀਏ ਵਿਖੇ ਵੱਖ-ਵੱਖ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਤੋਂ ਪਹਿਲਾਂ ਉਸ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਬਾਹਰ ਨਾ ਜਾਵੇ।
ਬਠਿੰਡਾ ਪੁਲਿਸ ਵੱਲੋਂ ਨੌਜਵਾਨਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪਿੰਡਾਂ/ਸ਼ਹਿਰਾਂ ਅਤੇ ਕਸਬਿਆ ਵਿੱਚ ਨਸ਼ਿਆਂ ਖਿਲ਼ਾਫ ਜਾਗਰੂਕਤਾ ਸੈਮੀਨਾਰ ਕਰਕੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕਤਾ ਸੈਮੀਨਾਰਾਂ ਵਿੱਚ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਹੈ ।