ਮਾਨਸਾ, 01 ਫਰਵਰੀ:
ਰਾਸ਼ਟਰੀ ਬਾਲ ਸਵਾਸਥ ਕਰਿਆਕਰਮ ਅਤੇ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ਅਧੀਨ ਬਿਹਤਰੀਨ ਪ੍ਰਦਰਸ਼ਨ ਲਈ ਸਿਹਤ ਵਿਭਾਗ ਮਾਨਸਾ ਨੇ ਸੂਬੇ ਵਿੱਚੋਂ ਪਹਿਲਾਂ ਦਰਜਾ ਹਾਸਲ ਕੀਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹੇ ਦੀ ਇਸ ਉਪਲੱਬਧੀ ਲਈ ਸਿਹਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਿਹਤ ਵਿਭਾਗ ਮਾਨਸਾ ਨੂੰ ਪ੍ਰਸ਼ਸਾ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਸਿਹਤ ਵਿਭਾਗ ਦੇ ਅਧਿਕਾਰੀ ਆਪਣੀ ਡਿਊਟੀ ਤੋਂ ਉੱਪਰ ਉੱਠ ਕੇ ਨੈਤਿਕਤਾ ਦੇ ਆਧਾਰ ’ਤੇ ਵੀ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਦੇ ਹਰ ਪ੍ਰੋਗਰਾਮ ਅਤੇ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾਵੇ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਮਾਨਸਾ ਵੱਲੋ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀਆਂ 30 ਵੱਖ ਵੱਖ ਬੀਮਾਰੀਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਜਿਸ ਤਹਿਤ ਜ਼ਿਲ੍ਹੇ ਦੀਆਂ ਮੋਬਾਇਲ ਹੈਲਥ ਟੀਮਾਂ ਵੱਲੋਂ ਸਕੂਲਾਂ ਤੇ ਆਂਗਨਵਾੜੀਆਂ ਦੇ 432 ਪੀੜਤ ਬੱਚਿਆਂ ਦੀ ਪਛਾਣ ਕਰਕੇ 300 ਬੱਚਿਆਂ ਦੀਆਂ ਦਿਲ ਦੀਆਂ ਭਿਆਨਕ ਬੀਮਾਰੀਆਂ ਦਾ ਆਪਰੇਸ਼ਨ ਕਰਵਾਇਆ ਗਿਆ ਹੈ। ਬਾਕੀ ਬੱਚਿਆਂ ਦਾ ਪੰਜਾਬ ਦੇ ਨਾਮਵਰ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਅਨੀਮੀਆ ਮੁਕਤ ਕਰਨ ਲਈ ਗਰਭਵਤੀ ਮਾਵਾਂ, ਦੁੱਧ ਚਗਾਉਂਦੀਆਂ ਮਾਵਾਂ ਅਤੇ ਸਕੂਲੀ ਬੱਚਿਆਂ ਨੂੰ ਆਇਰਨ ਅਤੇ ਫੋਲ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਮਾਵਾਂ ਅਤੇ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਦੂਰ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਅਤੇ ਨਵਜਾਤ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਕੇ ਜਿੱਥੇ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾਂਦਾ ਹੈ ਉਸਦੇ ਨਾਲ ਮੌਤ ਦਰ ਨੂੰ ਵੀ ਕਾਬੂ ਕੀਤਾ ਜਾਂਦਾ ਹੈ।
ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕੰਮ-ਜ਼ਿਲ੍ਹਾ ਨੋਡਲ ਅਫਸਰ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਨੇ ਕਿਹਾ ਕਿ ਸਿਹਤ ਵਿਭਾਗ ਮਾਨਸਾ ਵੱਲੋਂ ਨਵਜਾਤ ਬੱਚਿਆਂ ਤੋ 18 ਸਾਲ ਤੱਕ ਦੇ ਬੱਚਿਆਂ ਨੂੰ ਹੋਰ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਹੋਰ ਸਖ਼ਤ ਮਿਹਨਤ ਕਰਦੇ ਰਹਿਣਗੇ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਮਾਨਸਾ ਅਧੀਨ ਜਿਲ੍ਹੇ ਵਿੱਚ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ 300 ਬੱਚਿਆਂ ਦੀਆਂ 30 ਬਿਮਾਰੀਆਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਇਹ ਸਿਹਤ ਸਹੂਲਤ ਲੋੜਵੰਦਾਂ ਤੱਕ ਪਹੁੰਚਦੀ ਕੀਤੀ ਜਾਵੇਗੀ।
ਕੋਆਰਡੀਨੇਟਰ ਤੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ, ਮਨਦੀਪ ਕੁਮਾਰ, ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੈ ਕੁਮਾਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ ਮੌਜੂਦ ਸਨ।
ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਤੇ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ’ਚ ਸਿਹਤ ਵਿਭਾਗ ਮਾਨਸਾ ਦਾ ਸੂਬੇ ਭਰ ’ਚੋਂ ਸਰਵੋਤਮ ਪ੍ਰਦਰਸ਼ਨ-ਡਿਪਟੀ ਕਮਿਸ਼ਨਰ
[wpadcenter_ad id='4448' align='none']