ਖ਼ਜ਼ਾਨਾ ਮੰਤਰੀ ਨੇ ਲੋਕਾਂ ਦੀ ਭਾਸ਼ਾ ‘ਚ ਸ਼ਾਨਦਾਰ ‘ਆਮ ਲੋਕਾਂ ਦਾ ਬਜਟ’ ਪੇਸ਼ ਕੀਤਾ – ਮੁੱਖ ਮੰਤਰੀ

uninterrupted power supply ensured
uninterrupted power supply ensured
  •  ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਵਰਗੀਆਂ ਸਹੂਲਤਾਂ ਦੇਣ ਤੋਂ ਬਾਅਦ ਵੀ ਅਸੀਂ ਪਹਿਲੇ ਸਾਲ ‘ਚ ਹੀ 36000 ਕਰੋੜ ਰੁਪਏ ਦਾ ਕਰਜ਼ਾ ਲਾਹ ਦਿੱਤਾਃ ਮੁੱਖ ਮੰਤਰੀ
  • ਚੰਗੇ ਸਕੂਲ ਤੇ ਹਸਪਤਾਲਾਂ ਦਾ ਫਾਇਦਾ ਪੰਜਾਬ ਦੇ ਗਰੀਬਾਂ ਨੂੰ ਮਿਲੇਗਾ
  • ਕਿਸੇ ਵੀ ਯੂਨੀਵਰਸਿਟੀ ਨੂੰ ਕੋਈ ਘਾਟਾ ਨਹੀਂ ਪੈਣ ਦਿਆਂਗੇ
  • ਸਾਡੀ ਸਰਕਾਰ ਨੇ ਪਹਿਲੇ ਸਾਲ ਹੀ ਆਰਥਿਕਤਾ ਵਾਲੀ ਗੱਡੀ ਲੀਹਾਂ ‘ਤੇ ਚੜ੍ਹਾਈ
  • ਪੰਜਾਬ ਪ੍ਰਤੀ ਪ੍ਰੇਮ ਵਾਲੇ ਬਿਆਨ ‘ਤੇ ਰਗੜੇ ਭਾਜਪਾਈ, ਜੇ ਏਨਾ ਹੀ ਪਿਆਰ ਹੈ ਤਾਂ 26 ਜਨਵਰੀ ਨੂੰ ਸਾਡੀ ਝਾਕੀ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ
  • ਕੇਂਦਰ ਤੋਂ ਫੰਡ ਲੈਣਾ ਕੋਈ ਭੀਖ ਨਹੀਂ, ਅਸੀਂ ਆਪਣਾ ਹੱਕ ਮੰਗਦੇ ਹਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਮ ਲੋਕਾਂ ਦੀ ਭਾਸ਼ਾ ਵਿਚ ਆਮ ਲੋਕਾਂ ਦਾ ਬਜਟ ਪੇਸ਼ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਬਜਟ ਨਾਲ ਪੰਜਾਬ ਵਾਸੀਆਂ ਖਾਸ ਤੌਰ ਉਤੇ ਆਰਥਿਕ ਤੌਰ ਉਤੇ ਕਮਜ਼ੋਰ ਲੋਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਵਰਗੇ ਬਰਾਬਰ ਦੇ ਮੌਕੇ ਹਾਸਲ ਹੋਣਗੇ।


ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਜਟ ਉਤੇ ਬਹਿਸ ਵਿਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਵਿੱਤ ਮੰਤਰੀ ਨੇ ਸਧਾਰਨ ਭਾਸ਼ਾ ਵਿਚ ਆਮ ਲੋਕਾਂ ਲਈ ਬਜਟ ਪੇਸ਼ ਕਰਦੇ ਹੋਏ ਸਮਾਜ ਦੇ ਹਰੇਕ ਵਰਗ ਦੀ ਗੱਲ ਕੀਤੀ ਹੈ ਅਤੇ ਪੰਜਾਬ ਵਾਸੀਆਂ ਸਾਹਮਣੇ ਬੜੀ ਸਪੱਸ਼ਟਤਾ ਨਾਲ ਅੰਕੜੇ ਰੱਖੇ ਹਨ। ਇਸ ਬਜਟ ਵਿਚ ਪੇਸ਼ ਕੀਤੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਸਾਲ ਹੀ ਆਰਥਿਕਤਾ ਦੀ ਲੀਹ ਉਤੇ ਚੜ੍ਹ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਕ ਸਾਲ ਦੇ ਅੰਦਰ 117 ਸਕੂਲ ਆਫ ਐਮੀਨੈਂਸ ਦੀ ਸਥਾਪਨਾ, 500 ਤੋਂ ਵੱਧ ਆਮ ਆਦਮੀ ਕਲੀਨਿਕ, ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਅਤੇ 26000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਸ ਸਭ ਦੇ ਬਾਵਜੂਦ ਸਾਡੀ ਸਰਕਾਰ ਨੇ ਪੰਜਾਬ ਸਿਰ ਚੜ੍ਹਿਆ 36000 ਕਰੋੜ ਰੁਪਏ ਦਾ ਕਰਜ਼ਾ ਇਕ ਸਾਲ ਵਿਚ ਵਾਪਸ ਕਰ ਦਿੱਤਾ ਹੈ।


ਸਦਨ ਨੂੰ ਭਰੋਸਾ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਹ ਬਜਟ ਸਾਡੀ ਪੰਜਾਬ ਪ੍ਰਤੀ ਸੰਜੀਦਗੀ, ਲਗਨ ਅਤੇ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ ਕਿਉਂਕਿ ਅਸੀਂ ਖਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਉਤੇ ਖਰਚਣ ਦੀ ਮੁਕੰਮਲ ਵਿਉਂਤਬੰਦੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ।” ਬਜਟ ਦੀ ਬਹਿਸ ਦੌਰਾਨ ਉਸਾਰੂ ਸੁਝਾਅ ਪੇਸ਼ ਕਰਨ ਲਈ ਮੁੱਖ ਮੰਤਰੀ ਨੇ ਸਦਨ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।


ਪਿਛਲੀ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਉਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਤੋਂ ਪਹਿਲਾਂ ਬਜਟ ਦੀ ਭਾਸ਼ਾ ਸਾਦੀ ਨਹੀਂ ਸੀ ਹੁੰਦੀ ਸਗੋਂ ਸ਼ੇਅਰੋ-ਸ਼ਾਇਰੀ ਨਾਲ ਦੂਜੇ ਮੁਲਕਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਡੈਪੂਟੇਸ਼ਨ ਉਤੇ ਇਕੋ ਵਿੱਤ ਮੰਤਰੀ 9 ਸਾਲ ਬਜਟ ਪੇਸ਼ ਕਰਦਾ ਰਿਹਾ ਹੈ ਅਤੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਗਿਰਗਿਟ ਵਾਂਗ ਪਾਰਟੀਆਂ ਬਦਲਣ ਵਾਲੇ ਸਾਬਕਾ ਵਿੱਤ ਮੰਤਰੀ ਹੁਣ ਸਾਨੂੰ ਬਜਟ ਬਾਰੇ ਨਸੀਹਤਾਂ ਦੇ ਰਹੇ ਹਨ।”


ਬਜਟ ਵਿਚ ਸਿੱਖਿਆ ਅਤੇ ਸਿਹਤ ਨੂੰ ਤਰਜੀਹੀ ਖੇਤਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪਹਿਲੇ ਪੜਾਅ ਵਿਚ 117 ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿਵਲ ਤੇ ਪ੍ਰਸ਼ਾਸਨਿਕ ਪੱਧਰ ਦੇ ਉਚੇ ਅਹੁਦਿਆਂ ਲਈ ਤਿਆਰੀ ਕਰਵਾਈ ਜਾਵੇਗੀ ਤਾਂ ਕਿ ਇਹ ਬੱਚੇ ਵੀ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰ ਸਕਣ।


ਆਮ ਆਦਮੀ ਕਲੀਨਿਕਾਂ ਨੂੰ ਗਰੀਬ ਲੋਕਾਂ ਲਈ ਵੱਡੀ ਸਹੂਲਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 500 ਤੋਂ ਵੱਧ ਕਲੀਨਿਕ ਸਥਾਪਤ ਕੀਤੇ ਹਨ ਜਿੱਥੋਂ ਹੁਣ ਤੱਕ 12 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਇਨ੍ਹਾਂ ਦੋਵਾਂ ਖੇਤਰਾਂ ਲਈ ਬਜਟ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।


ਯੂਨੀਵਰਸਿਟੀਆਂ ਲਈ ਫੰਡਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਯੂਨੀਵਰਸਿਟੀ ਨੂੰ ਕੋਈ ਘਾਟਾ ਨਹੀਂ ਪੈਣ ਦੇਵੇਗੀ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿਵਾਉਂਦਿਆਂ ਦੁਹਰਾਇਆ ਕਿ ਵਿਦਿਆ ਕਦੇ ਵੀ ਕਰਜ਼ੇ ਥੱਲੇ ਨਹੀਂ ਹੋਣੀ ਚਾਹੀਦੀ ਅਤੇ ਅਸੀਂ ਯੂਨੀਵਰਸਿਟੀ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਆਪਣੀ ਨਿੱਜੀ ਤੇ ਭਾਵੁਕ ਸਾਂਝ ਦਾ ਵੀ ਸਦਨ ਵਿਚ ਜ਼ਿਕਰ ਕੀਤਾ।


ਭਾਜਪਾ ਵੱਲੋਂ ਪੰਜਾਬ ਨਾਲ ਪਿਆਰ ਹੋਣ ਦੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਨਾਲ ਸੱਚਮੁੱਚ ਹੀ ਮੁਹੱਬਤ ਸੀ ਤਾਂ ਫੇਰ ਕੇਂਦਰੀ ਬਜਟ ਵਿਚ ਪੰਜਾਬ ਦਾ ਜ਼ਿਕਰ ਤੱਕ ਵੀ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 26 ਜਨਵਰੀ ਦੇ ਗਣਤੰਤਰ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੱਢ ਕੇ ਪੰਜਾਬ ਦੇ ਬਹਾਦਰ ਯੋਧਿਆਂ ਦੀਆਂ ਪ੍ਰਤੀ ਕੁਰਬਾਨੀਆਂ ਦੀ ਤੌਹੀਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੂਜੇ ਸੂਬੇ ਤੋਂ ਆਪਣਾ ਕੋਲਾ ਵਾਇਆ ਸ਼੍ਰੀਲੰਕਾ ਹੋ ਕੇ ਲਿਆਉਣ ਦੀਆਂ ਸ਼ਰਤਾਂ ਥੋਪਣ ਵਾਲੀ ਪਾਰਟੀ ਪੰਜਾਬ ਹਿਤੈਸ਼ੀ ਕਿਸ ਤਰ੍ਹਾਂ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ, “ਭਾਜਪਾ ਵਾਲੇ ਕਹਿੰਦੇ ਹਨ ਕਿ ਕੇਂਦਰ ਪੰਜਾਬ ਨੂੰ ਫੰਡ ਦੇ ਕੇ ਮਦਦ ਕਰਦੀ ਹੈ। ਅਸੀਂ ਕੇਂਦਰ ਤੋਂ ਭੀਖ ਨਹੀਂ ਮੰਗਦੇ ਸਗੋਂ ਆਪਣਾ ਹੱਕ ਮੰਗਦੇ ਹਾਂ। ਅਸੀਂ ਜੀ.ਐਸ.ਟੀ. ਇਕੱਠੀ ਕਰਕੇ ਕੇਂਦਰ ਕੋਲ ਜਮ੍ਹਾਂ ਕਰਵਾਉਂਦੇ ਹਾਂ ਅਤੇ ਉਸ ਵਿੱਚੋਂ ਆਪਣਾ ਹਿੱਸਾ ਮੰਗਦੇ ਹਨ ਜਿਸ ਕਰਕੇ ਕੇਂਦਰ ਸਾਡੇ ਉਤੇ ਕੋਈ ਅਹਿਸਾਨ ਨਹੀਂ ਕਰਦਾ।” ਮੁੱਖ ਮੰਤਰੀ ਨੇ ਜੀ.ਐਸ.ਟੀ. ਨੂੰ ਗੁੰਝਲਦਾਰ ਪ੍ਰਕਿਰਿਆ ਦੱਸਦੇ ਹੋਏ ਕਿਹਾ ਕਿ ਇਹ ਪ੍ਰਣਾਲੀ ਤਾਂ ਅਜੇ ਤੱਕ ਵਪਾਰੀਆਂ ਦੇ ਵੀ ਸਮਝ ਨਹੀਂ ਆਈ।


ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਦਿੱਲੀ ਤੇ ਪੰਜਾਬ ਵਿਚ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਮਦਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹਾਕਮ ਸਾਡੀਆਂ ਸਹੂਲਤਾਂ ਨੂੰ ਰਿਊੜੀਆਂ ਦੱਸਦੇ ਹਨ ਜਦਕਿ ਹਰੇਕ ਪਰਿਵਾਰ ਨੂੰ 15 ਲੱਖ ਰੁਪਏ ਦੇਣ ਅਤੇ ਹਰੇਕ ਸਾਲ 2 ਕਰੋੜ ਨੌਕਰੀਆਂ ਦੇਣ ਦਾ ਸ਼ਗੂਫਾ ਕਿਸ ਨੇ ਛੱਡਿਆ ਸੀ। BUDGET DEPICTION AAM AADMI


ਸਿੰਗਾਪੁਰ ਵਿਚ ਸਿਖਲਾਈ ਲਈ ਪ੍ਰਿੰਸੀਪਲਾਂ ਦੇ ਬੈਚ ਭੇਜਣ ਬਾਰੇ ਸਵਾਲ ਚੁੱਕਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਕਿਹਾ, “ਚੰਗੀ ਸਿੱਖਿਆ ਅਤੇ ਬਰਾਬਰ ਦੇ ਮੌਕਿਆਂ ਨਾਲ ਹੀ ਕਿਸੇ ਪਰਿਵਾਰ ਦੀ ਗੁਰਬਤ ਦੂਰ ਕੀਤੀ ਜਾ ਸਕਦੀ ਹੈ ਅਤੇ ਅਸੀਂ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰ ਦੀ ਸਿਖਲਾਈ ਦਿਵਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ।”


ਸਾਬਕਾ ਮੁੱਖ ਮੰਤਰੀ ਵੱਲੋਂ ਅਮਰੀਕਾ ਦੌਰਾ ਰੱਦ ਕਰਨ ਦੇ ਕੀਤੇ ਦਾਅਵੇ ਉਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਕਾਂਗਰਸ ਦੀ ਬੇੜੀ ਡੋਬਣ ਵਾਲੇ ਹੀ ਅਮਰੀਕਾ ਵਿਚ ਜਾ ਕੇ ਕਾਂਗਰਸ ਪਾਰਟੀ ਦੇ ਉਥਾਨ ਤੇ ਪਤਨ ਉਤੇ ਪੀਐਚ.ਡੀ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਿਆਸਤਦਾਨਾਂ ਨੇ ਸ਼ਰਾਫ਼ਤ ਦਾ ਮੁਖੌਟਾ ਪਾ ਕੇ ਪੰਜਾਬ ਨੂੰ ਲੁੱਟਿਆ। BUDGET DEPICTION AAM AADMI


ਸਦਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਨਸੀਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੌਕੇ ਨੂੰ ਲੋਕਾਂ ਲਈ ਵਰਤਿਆ ਜਾਵੇ ਨਾ ਕਿ ਲੋਕਾਂ ਉਤੇ ਵਰਤਿਆ ਜਾਵੇ। ਸਾਨੂੰ ਕਿਸੇ ਵੀ ਕੀਮਤ ਉਤੇ ਹਲੀਮੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ।” BUDGET DEPICTION AAM AADMI


ਮਹਿੰਗੇ ਵਿਆਹ ਸਮਾਗਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਦਨ ਵਿਚ ਕਿਹਾ ਕਿ ਸਰਕਾਰ ਪਿੰਡਾਂ ਵਿਚ ਦੁੱਖ-ਸੁਖ ਦੇ ਸਮਾਗਮਾਂ ਲਈ ਕਮਿਊਨਿਟੀ ਹਾਲ ਵਰਗੀ ਸਾਂਝੀ ਇਮਾਰਤ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੀ ਹੈ ਤਾਂ ਕਿ ਲੋਕਾਂ ਉਤੇ ਆਰਥਿਕ ਬੋਝ ਨਾ ਪਵੇ।


ਅਖੀਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਨੀਅਤ ਸਾਫ ਹੋਵੇ ਤਾਂ ਮੰਜ਼ਲ ਬਹੁਤੀ ਦੂਰ ਨਹੀਂ ਹੁੰਦੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਛੇਤੀ ਹੀ ਪੰਜਾਬ ਮੁੜ ਰੰਗਲਾ ਪੰਜਾਬ ਬਣ ਕੇ ਉਭਰੇਗਾ।

Also Read : ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ: ਮੀਤ ਹੇਅਰ

[wpadcenter_ad id='4448' align='none']