‘ਜੁਗਨੀ ਕੱਤਦੀ ਚਰਖਾ’ ਗਾ ਕੇ ਲਖਵਿੰਦਰ ਵਡਾਲੀ ਨੇ ਪੰਜਾਬੀ ਵਿਰਾਸਤ ਨੂੰ ਕੀਤਾ ਲੋਕਾਂ ਦੇ ਰੂਬਰੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਕਤੂਬਰ:

ਸਰਸ ਮੇਲਾ ਜਿਸ ਤਰੀਕੇ ਨਾਲ਼ ਅੱਗੇ ਵੱਧ ਰਿਹਾ ਹੈ, ਉਸੇ ਤਰੀਕੇ ਮੇਲੀਆਂ ਦੀ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਸ਼ਾਮ ਦੇ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੋਪੜ, ਪਟਿਆਲਾ, ਫਤਹਿਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿੱਚੋਂ ਕਲਾ ਪ੍ਰੇਮੀ ਅਤੇ ਮੇਲ਼ੇ ਦੇ ਸ਼ੌਕੀਨ ਗੱਭਰੂ ਤੇ ਮੁਟਿਆਰਾਂ ਆਪਣੀ ਹਾਜ਼ਰੀ ਲਗਵਾ ਰਹੇ ਹਨ।    
    ਡਿਪਟੀ ਕਮਿਸ਼ਨਰ ਮੋਹਾਲ਼ੀ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ ਮੇਲਾ ਅਫਸਰ ਸੋਨਮ ਚੌਧਰੀ ਵੱਲੋਂ ਮੇਲੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਪੰਜਾਬ ਦੀ ਅਮੀਰ ਵਿਰਾਸਤ ਦੇ ਸਿਤਾਰਿਆਂ ਨੂੰ ਲੋਕ ਗਾਇਕੀ ਦੇ ਰੂਪ ਵਿੱਚ ਮੇਲੀਆਂ ਦੇ ਰੂਬਰੂ ਕੀਤਾ ਜਾਂਦਾ ਹੈ ਜੋ ਮੇਲੇ ਵਿੱਚ ਆਏ ਦਰਸ਼ਕਾਂ ਅਤੇ ਸਰੋਤਿਆਂ ਨੂੰ ਆਪਣੀ ਗਾਇਕੀ ਨਾਲ਼ ਮੰਤਰ ਮੁਗਧ ਕਰਦੇ ਹਨ। ਉੱਥੇ ਹੀ ਅਮੀਰ ਪੰਜਾਬੀ ਸੱਭਿਆਚਾਰ (ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗਾਇਕੀ) ਨੂੰ ਸੰਭਾਲਣ ਦਾ ਯਤਨ ਵੀ ਕਰ ਰਹੇ ਹਨ।
      ਇਸੇ ਲੜੀ ਵਿੱਚ ਮੇਲੇ ਦੇ ਚੌਥੇ ਦਿਨ ਪੰਜਾਬ ਦੇ ਸਿਰਮੌਰ ਗਾਇਕੀ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ਼ ਮੇਲੀਆਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਦੀ ਗਾਇਕੀ ਮੇਲੇ ਦਾ ਸਿਖਰ ਹੋ ਨਿਬੜੀ। ਸੱਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਲਖਵਿੰਦਰ ਵਡਾਲੀ ਨੇ ਆਪਣੇ ਚਰਚਿਤ ਗੀਤ ‘ਮੈਂ ਤੇ ਘਿਓ ਦੀ ਮਿੱਠੀ ਚੂਰੀ, ਲੋਕਾਂ ਬਦਨਾਮ ਕਰਤੀ’, ‘ਜੁਗਨੀ ਕੱਤਦੀ ਚਰਖਾ, ਨਾਂ ਲੈਂਦੀ ਸਾਈਂ ਦਾ’, ਮਾਹੀਆ, ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ ਗਾ ਕੇ ਮੇਲੇ ਦੇ ਮਾਹੌਲ ਨੂੰ ਸਿਖਰ ਤੱਕ ਪਹੁੰਚਾ ਦਿੱਤਾ।
    ਇਸ ਪ੍ਰੋਗਰਾਮ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ,ਆਸ਼ਿਕਾ ਜੈਨ ਅਤੇ ਡੀ. ਸੀ. ਰੂਪਨਗਰ ਹਿਮਾਂਸ਼ੂ ਜੈਨ ਆਪਣੇ ਪਰਿਵਾਰਿਕ ਮੈਂਬਰ ਏ. ਕੇ. ਜੈਨ ਅਤੇ ਮੀਨਾਕਸ਼ੀ ਜੈਨ ਸਮੇਤ ਮੇਲੇ ਦਾ ਆਨੰਦ ਮਾਣਨ ਪੁੱਜੇ। ਇਸ ਮੌਕੇ ਸਤਨਾਮ ਜਲਾਲਪੁਰ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਸ਼ਹੀਦ ਭਗਤ ਸਿੰਘ ਨਗਰ ਅਤੇ ਸ. ਜਸ਼ਨਦੀਪ ਸਿੰਘ ਗਿੱਲ ਐਸ ਪੀ ਸਟੇਟ ਸਾਈਬਰ ਕਰਾਇਮ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਤੇ ਟ੍ਰਾਈਸਿਟੀ ਦੇ ਵਸਨੀਕਾਂ ਨੂੰ ਸੰਗੀਤਕ ਸ਼ਾਮਾਂ ਦਾ ਅਨੰਦ ਲੈਣ ਅਤੇ ਕਾਰੀਗਰਾਂ ਦੇ ਹੱਥੀਂ ਬਣਾਏ ਦੁਰਲੱਭ ਸਮਾਨ ਦੀ ਹੁੰਮ-ਹੁਮਾ ਕੇ ਖ਼ਰੀਦੋ ਫ਼ਰੋਖ਼ਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਏ ਸ਼ਿਲਪਕਾਰਾਂ ਅਤੇ ਕਾਰੀਗਰਾਂ ਵੱਲੋਂ ਬਣਾਏ ਸਮਾਨ ਨੂੰ ਖਰੀਦ ਕੇ ਸਾਨੂੰ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।
ਸਹਾਇਕ ਮੇਲਾ ਅਫਸਰ-ਕਮ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਗਰੇਵਾਲ ਵੱਲੋਂ ਵੀ ਬੜੇ ਸੁਚੱਜੇ ਢੰਗ ਨਾਲ਼ ਪ੍ਰੋਗਰਾਮਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

[wpadcenter_ad id='4448' align='none']