Cabinet Minister Anmol Gagan Mann
ਖਰੜ (ਐਸ.ਏ.ਐਸ. ਨਗਰ), 12 ਸਤੰਬਰ, 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਸ਼ੁਰੂ ਕੀਤੇ ਉਪਰਾਲੇ ਦੇ ਤਹਿਤ ਖਰੜ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਅੱਜ ਖਰੜ ਦੇ ਸ਼੍ਰੀ ਰਾਮ ਭਵਨ ਵਿਖੇ ਜਨਤਕ ਮਿਲਣੀ ਕਰਕੇ ਲੋਕਾਂਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤ ਗਿਆ।
ਜਨਤਕ ਮਿਲਣੀ ਵਿੱਚ ਕੈਬਨਿਟ ਮੰਤਰੀ ਨੇ ਹਰੇਕ ਨਿਵਾਸੀ ਨੂੰ ਮਾਈਕ ‘ਤੇ ਆਪਣੇ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਸੀਵਰੇਜ, ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ, ਸੜਕਾਂ ਦੀ ਮੁਰੰਮਤ ਅਤੇ ਸਟਰੀਟ ਲਾਈਟਾਂ ਨਾਲ ਸਬੰਧਤ ਜ਼ਿਆਦਾਤਰ ਮੁੱਦਿਆਂ ਨੂੰ ਸਮਾਂਬੱਧ ਹੱਲ ਕਰਨ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨਿਕ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਸੌਂਪੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਸਾਡੀ ਮੁਢਲੀ ਡਿਊਟੀ ਹੈ।
ਮੰਤਰੀ ਨੇ ਕਿਹਾ ਕਿ “ਸੇਵਾ ਸਮਾਗਮ” ਦੇ ਨਾਂ ਹੇਠ ਸ਼ੁਰੂ ਕੀਤਾ ਗਿਆ ਸ਼ਿਕਾਇਤ ਨਿਵਾਰਨ ਕੈਂਪ ਜਾਰੀ ਰਹੇਗਾ ਅਤੇ ਅਸੀਂ ਖਰੜ ਹਲਕੇ ਦੇ ਹਰ ਕੋਨੇ-ਕੋਨੇ ਤੱਕ ਪਹੁੰਚਾਂਗੇ।
ਇਸੇ ਤਰ੍ਹਾਂ ਉਨ੍ਹਾਂ ਨੇ ਈ.ਓ. ਰਵਨੀਤ ਸਿੰਘ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਸਬੰਦੀ ਮੁਹਿੰਮ ਕਾਰਗਰ ਢੰਗ ਨਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਰਵੇਖਣ ਕੀਤਾ ਜਾਵੇ ਅਤੇ ਉਸ ਅਨੁਸਾਰ ਯੋਗ ਟੀਮ ਨੂੰ ਲਿਆਂਦਾ ਜਾਵੇ।
ਕਲੋਨਾਈਜ਼ਰਾਂ ਵੱਲੋਂ ਵਿਕਸਤ ਕੀਤੀਆਂ ਪ੍ਰਾਈਵੇਟ ਕਲੋਨੀਆਂ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਦੀਆਂ ਸ਼ਿਕਾਇਤਾਂ ’ਤੇ ਉਨ੍ਹਾਂ ਨੇ ਨਗਰ ਕੌਂਸਲ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਕਲੋਨਾਈਜ਼ਰਾਂ ਨੇ ਬਰਸਾਤੀ ਪਾਣੀ ਦੀ ਸੰਭਾਲ ਲਈ ਸਿਸਟਮ ਅਤੇ ਐਸ.ਟੀ.ਪੀ. ਨਹੀਂ ਬਣਾਏ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇ।
ਵਾਰਡ 3 ਤੋਂ 11 ਤੱਕ ਨਜਾਇਜ਼ ਕਬਜ਼ੇ ਹੇਠ ਆਏ ਨਾਲੇ ਕਾਰਨ ਵੱਖ-ਵੱਖ ਵਾਰਡਾਂ ਵਿੱਚ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਗਲੀਆਂ ਵਿੱਚ ਖੜ੍ਹਾ ਹੋਣ ਦੀ ਸਮੱਸਿਆ ‘ਤੇ ਕਈ ਮੁਹੱਲਾ ਨਿਵਾਸੀਆਂ ਵੱਲੋਂ ਉਠਾਏ ਗਏ ਮੁੱਦੇ ‘ਤੇ ਮੰਤਰੀ ਨੇ ਐਸ.ਡੀ.ਐਮ ਗੁਰਮੰਦਰ ਸਿੰਘ ਨੂੰ ਨਾਲੇ ਦੇ ਖੇਤਰ ਦੀ ਨਿਸ਼ਾਨਦੇਹੀ ਕਰਨ ਦੇ ਆਦੇਸ਼ ਦਿੱਤੇ ਤਾਂ ਕਿ ਕਬਜ਼ਿਆਂ ਦੀ ਸ਼ਨਾਖ਼ਤ ਕੀਤੀ ਜਾ ਸਕੇ।
ਮੰਤਰੀ ਨੇ ਈ.ਓ. ਨੂੰ ਫੀਲਡ ਵਿੱਚ ਡਿਊਟੀ ਦੌਰਾਨ ਸਫਾਈ ਕਰਮਚਾਰੀਆਂ ਦੀ ਕੰਮ ਵਾਲੇ ਸਥਾਨ ਉਤੇ ਹਾਜ਼ਰੀ ਦੀ ਜਾਂਚ ਕਰਨ ਲਈ ਵੀ ਕਿਹਾ ਤਾਂ ਜੋ ਸ਼ਹਿਰ ਦੀ ਸਹੀ ਸੰਭਾਲ ਅਤੇ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਪੁਰਾਣੇ ਡੰਪ ਵਿੱਚੋਂ ਪੁਰਾਣੀ ਰਹਿੰਦ-ਖੂੰਹਦ ਸਾਫ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ।
Cabinet Minister Anmol Gagan Mann
ਸੜਕਾਂ ਦੀ ਮੁਰੰਮਤ ਅਤੇ ਬਰਸਾਤੀ ਪਾਣੀ ਦੇ ਢੁਕਵੇਂ ਨਿਪਟਾਰੇ ਨਾਲ ਸਬੰਧਤ ਮੁੱਦਿਆਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਨ.ਐਚ.ਏ.ਆਈ. ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਨਿਰੀਖਣ ਅਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਖਰੜ ਹਲਕੇ ਵਿੱਚ 200 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਸੀਵਰੇਜ ਪ੍ਰੋਜੈਕਟਾਂ ਤੋਂ ਇਲਾਵਾ ਕਜੌਲੀ ਤੋਂ ਖਰੜ ਅਤੇ ਕੁਰਾਲੀ ਤੱਕ 200 ਕਰੋੜ ਰੁਪਏ ਦੇ ਨਹਿਰੀ ਪਾਣੀ ਦੇ ਪ੍ਰੋਜੈਕਟ ਪਾਸ ਕੀਤੇ ਗਏ ਹਨ, ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਸਾਰੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਕਰਨ ਦਾ ਭਰੋਸਾ ਦਿੱਤਾ।
ਛੱਜੂ ਮਾਜਰਾ ਵਾਸੀਆਂ ਦੀ ਮੰਗ ’ਤੇ ਉਨ੍ਹਾਂ ਨੇ ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੇ ਟਿਊਬਵੈੱਲ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਮੰਨਣ ਨਾਲ ਸਹਿਮਤ ਹੋਣ ਤੋਂ ਇਲਾਵਾ ਸੰਤੇਮਾਜਰਾ ਨੂੰ ਜਾਂਦੀ ਸੜਕ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਮੱਛੀ ਮੰਡੀ ਦਾ ਮਸਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੇ ਨਿੱਝਰ ਚੌਕ ਤੋਂ ਛੱਜੂ ਮਾਜਰਾ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਮੌਨਸੂਨ ਸੀਜ਼ਨ ਖ਼ਤਮ ਹੋਣ ’ਤੇ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਨੇ ਪਿੰਡ ਝੰਡੇਮਾਜਰਾ ਵਿਖੇ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਨੂੰ ਪ੍ਰਵਾਨ ਕੀਤਾ। ਉਨ੍ਹਾਂ ਨੇ ਵਾਰਡ ਨੰਬਰ 6 ਦੀ ਇਕ ਗਲੀ ਵਿੱਚ ਹੋਏ ਕਬਜ਼ੇ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।
ਮੰਤਰੀ ਨੇ ਕਿਹਾ ਕਿ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 30 ਕਰੋੜ ਰੁਪਏ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ।
ਮੰਤਰੀ ਅਨਮੋਲ ਗਗਨ ਮਾਨ ਨੇ ਇਲਾਕਾ ਨਿਵਾਸੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਖਰੜ ਹਲਕਾ ਸ਼ਹਿਰੀਕਰਨ ਅਤੇ ਰਿਹਾਇਸ਼ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਇਸ ਲਈ ਵਧ ਰਹੀ ਆਬਾਦੀ ਨੂੰ ਬੁਨਿਆਦੀ ਢਾਂਚੇ ਜਿਵੇਂ ਕਿ ਜਲ ਸਪਲਾਈ, ਸੀਵਰ ਨਿਕਾਸੀ, ਸੜਕਾਂ ਅਤੇ ਸਟਰੀਟ ਲਾਈਟਾਂ ਦੀ ਲੋੜ ਹੈ। ਮੰਤਰੀ ਨੇ ਭਰੋਸਾ ਦਿਵਾਇਆ, “ਅਸੀਂ ਲੋਕਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।”
Read Also :CPM ਆਗੂ ਸੀਤਾਰਾਮ ਯੇਚੂਰੀ ਦਾ 72 ਸਾਲ ਦੀ ਉਮਰੇ ਦੇਹਾਂਤ, ਏਮਜ਼ ‘ਚ ਲਏ ਆਖਰੀ ਸਾਹ
ਕੈਬਨਿਟ ਮੰਤਰੀ ਨੇ ਮਾਲ, ਪਾਵਰਕੌਮ ਅਤੇ ਪੁਲੀਸ ਦੇ ਮਸਲਿਆਂ ਬਾਰੇ ਨਿੱਜੀ ਸ਼ਿਕਾਇਤਾਂ ਵੀ ਸੁਣੀਆਂ ਅਤੇ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ।
ਸ਼ਿਕਾਇਤ ਨਿਵਾਰਨ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ ਵਿੱਚ ਐਸ.ਡੀ.ਐਮ. ਗੁਰਮੰਦਰ ਸਿੰਘ, ਡੀ.ਐਸ.ਪੀ. ਕਰਨ ਸੰਧੂ, ਕਾਰਜਕਾਰੀ ਇੰਜਨੀਅਰ ਵਿਨੈ ਮਹਾਜਨ (ਸਥਾਨਕ ਸਰਕਾਰਾਂ), ਸ੍ਰੀ ਕਿਸ਼ੋਰ (ਜਲ ਸਪਲਾਈ ਤੇ ਸੈਨੀਟੇਸ਼ਨ), ਈ.ਓ. ਰਵਨੀਤ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਸੇਵਾ ਸਮਾਗਮ ਕੈਂਪ ਵਿੱਚ ਸ਼ਾਮਲ ਹੋਏ ਲੋਕਾਂ ਨੇ ਮੰਤਰੀ ਵੱਲੋਂ ਉਨ੍ਹਾਂ ਦੇ ਮਸਲਿਆਂ ਨੂੰ ਧਿਆਨ ਨਾਲ ਸੁਣਨ ਅਤੇ ਸਾਕਾਰਤਮਕ ਹੁੰਗਾਰੇ ’ਤੇ ਤਸੱਲੀ ਪ੍ਰਗਟਾਈ।
ਕੈਂਪ ਦੌਰਾਨ 6 ਲੋੜਵੰਦ ਮਹਿਲਾਵਾਂ ਨੂੰ 6 ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਜਦ ਕਿ ਬਾਬਾ ਦੀਪ ਸਿੰਘ ਯੂਥ ਕਲੱਬ ਝੰਡੇ ਮਾਜਰਾ ਅਤੇ ਬਾਬਾ ਬਘੇਲ ਸਿੰਘ ਸਪੋਰਟਸ ਕਲੱਬ ਨੂੰ ਗ੍ਰਾਂਟ ਦੇ ਚੈੱਕ ਵੀ ਦਿੱਤੇ ਗਏ।
Cabinet Minister Anmol Gagan Mann