ਅੰਮ੍ਰਿਤਸਰ 13 ਦਸੰਬਰ 2023
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਸੂਬੇ ਵਿੱਚ ਜਿੱਥੇ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ, ਉਥੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਰਕਾਰੀ ਸੇਵਾਵਾਂ ਘਰ ਬੈਠੇ ਹੀ ਦੇਣ ਦਾ ਵੀ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ ਅਤੇ ਇਕ ਟੈਲੀਫੋਨ ਕਾਲ ਤੇ ਹੀ ਉਹ ਆਪਣਾ ਕੰਮ ਕਰਵਾ ਸਕਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਹਲਕੇ ਵਿਚ ਗ੍ਰਾਮ ਪੰਚਾਇਤ ਦੇ ਵਿਕਾਸ ਕੰਮਾਂ ਸਬੰਧੀ ਵੱਖ ਵੱਖ ਉਦਘਾਟਨ ਕਰਨ ਪਿੱਛੋਂ ਕੀਤਾ। ਸ: ਈ.ਟੀ.ਓ. ਨੇ ਸਭ ਤੋਂ ਪਹਿਲਾਂ ਜੰਡਿਆਲਾ ਹਲਕੇ ਦੇ ਪਿੰਡ ਸ਼ਫੀਪੁਰ ਵਿਖੇ 10.50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦਾ ਉਦਘਾਟਨ ਕੀਤਾ ਅਤੇ ਇਸ ਉਪਰੰਤ ਪਿੰਡ ਪੱਤੀ ਮਸੂਰ ਕੀ ਵਿਖੇ ਸੁਸਾਇਟੀ ਰਸਤਾ ਦਾ ਵੀ ਉਦਘਾਟਨ ਕੀਤਾ। ਜਿਸ ਤੇ ਤਿੰਨ ਲੱਖ ਰੁਪਏ ਖਰਚ ਆਉਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦਾ ਮਿਆਰ ਉੱਚ ਚੁੱਕਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਕੋਈ ਵੀ ਪਿੰਡ ਵਿਕਾਸ ਪੱਖੋਂ ਸਖਣਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਉਪਰੰਤ ਕੈਬਨਿਟ ਮੰਤਰੀ ਸ: ਈ.ਟੀ.ਓ. ਪਿੰਡ ਭੰਗਵਾਂ ਵਿਖੇ ਪੁੱਜੇ ਜਿੱਥੇ ਗਲੀਆਂ ਨਾਲੀਆਂ/ਧਰਮਸ਼ਾਲਾ ਦਾ ਉਦਘਾਟਨ ਕੀਤਾ। ਜਿਸ ਤੇ 7.50 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਉਪਰੰਤ ਪਿੰਡ ਬੰਮਾਂ ਵਿਖੇ ਸੋਲਰ ਲਾਈਟਾਂ ਅਤੇ ਰਸਤਾ ਬਣਾਉਣ ਦੇ ਕੰਮ ਦਾ ਵੀ ਉਦਾਘਟਨ ਕੀਤਾ ਜਿਸ ਤੇ 5.50 ਲੱਖ ਰੁਪਏ ਖਰਚ ਆਉਣਗੇ। ਇਸ ਮੌਕੇ ਬੌਲਦਿਆਂ ਉਨਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਵੀ ਲਗਾਤਾਰ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣਗੇ। ਸ: ਈ.ਟੀ.ਓ. ਨੇ ਕਿਹਾ ਕਿ ਜਿਹੜੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹ ਤੁਹਾਡੇ ਪੈਸਿਆਂ ਦੇ ਨਾਲ ਹੀ ਹੁੰਦੇ ਹਨ ਅਤੇ ਜੇਕਰ ਕਿਤੇ ਵਿਕਾਸ ਕਾਰਜਾਂ ਵਿਚ ਕੋਈ ਉਣਤਾਈਂ ਨਜ਼ਰ ਆਏ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਵਿਕਾਸ ਕਾਰਜ ਮਿੱਥੇ ਸਮੇਂ ਅਨੁਸਾਰ ਮੁਕੰਮਲ ਹੋਣੇ ਚਾਹੀਦੇ ਹਨ ਅਤੇ ਵਿਕਾਸ ਕਾਰਜ ਦੀ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ: ਸਤਿੰਦਰ ਸਿੰਘ, ਨਗਰ ਬਲਾਕ ਪ੍ਰਧਾਨ ਦਿਲਬਾਗ ਸਿੰਘ, ਬੀ.ਡੀ.ਪੀ.ਓ. ਕੰਵਲਜੀਤ ਧਾਰੜ ਅਤੇ ਪ੍ਰਗਟ ਸਿੰਘ, ਸੀ.ਡੀ.ਪੀ.ਓ. ਖੁਸ਼ਮੀਤ ਕੌਰ, ਸ: ਬਲਬੀਰ ਸਿੰਘ ਸ਼ਫੀਪੁਰ, ਸਰਬਜੀਤ ਡਿੰਪੀ, ਐਕਸੀਅਨ ਮਨਿੰਦਰਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।