Canada Road Accident
ਬਟਾਲਾ ਦੇ ਨੇੜਲੇ ਪਿੰਡ ਸੁੱਖਾ ਚਿੜਾ ਤੋਂ ਪੜ੍ਹਾਈ ਲਈ ਕੈਨੇਡਾ ਗਈ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਦੋ ਹੋਰ ਲੜਕੀਆਂ ਦੀ ਮੌਤ ਵੀ ਹੋਈ ਹੈ ਜਦਕਿ ਦੋ ਲੜਕੇ ਗੰਭੀਰ ਜ਼ਖ਼ਮੀ ਹੋਏ ਹਨ।
ਹਾਦਸੇ ਦੀ ਕੈਨੇਡੀਅਨ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਭਤੀਜੀ ਲਖਵਿੰਦਰ ਕੌਰ ਕੋਮਲ (21) ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ।
ਛੁੱਟੀਆਂ ਹੋਣ ਕਾਰਨ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਾਰ ਉਤੇ ਕਿਸੇ ਕੰਮ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ 8 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੇ।
ਇਸ ਹਾਦਸੇ ਵਿਚ ਉਸ ਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਲੜਕੀ ਕੋਮਲ ਦੀ ਮੌਤ ਨਾਲ ਪਿੰਡ ਸੁੱਖਾ ਚਿੜ੍ਹਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।
Read Also : ਪੰਜਾਬ ਦੇ ‘ਚ ਦੋ ਦਿਨ ਲਗਾਤਾਰ ਪਵੇਗਾ ਮੀਂਹ ,12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ
ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖ ਚਿੜਾ ਨੇ ਦੱਸਿਆ ਕਿ ਇਹ ਇਕ ਮਿਹਨਤੀ ਪਰਿਵਾਰ ਹੈ ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ ਉਸ ਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਲਈ ਭੇਜਿਆ ਸੀ ਅਜ਼ੇ ਸਿਰਫ ਦੋ ਹੀ ਸਮੇਸਟਰ ਕਲੀਅਰ ਹੋਏ ਸਨ ਕਿ ਇਹ ਭਾਣਾ ਵਰਤ ਗਿਆ।
Canada Road Accident