ਬਠਿੰਡਾ, 15 ਜੁਲਾਈ – ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਅਤੇ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਬਣਾਉਣ ਸੰਬੰਧੀ 10 ਰੋਜਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡ ਮਲਕਾਣਾ, ਗਿੱਲ ਪੱਤੀ, ਮਸ਼ਾਣਾ, ਜੋਧਪੁਰ ਰੋਮਾਣਾ, ਭਾਗੂ, ਲਹਿਰੀ, ਜੀਵਨ ਸਿੰਘ ਵਾਲਾ, ਬਿਹਮਣ ਦੀਵਾਨਾ, ਚੱਕ ਅਤਰ ਸਿੰਘ ਵਾਲਾ (ਬਠਿੰਡਾ) ਤੇ ਜਟਾਣਾ ਕਲਾਂ, ਕਲੀਪੁਰ, ਝੰਡਾ ਕਲਾਂ ਸਮਾਘ ਅਤੇ ਪਿੰਡ ਬਹਿਣੀਵਾਲ (ਜ਼ਿਲ੍ਹਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਤੋਂ ਆਈਆਂ 26 ਬੀਬੀਆਂ ਨੇ ਭਾਗ ਲਿਆ।
ਇਸ ਮੌਕੇ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਿਆਰਥਣਾਂ ਨੂੰ ਜੀ ਆਇਆਂ ਕਿਹਾ ਅਤੇ ਨੌਜਵਾਨ ਲੜਕੀਆਂ/ਬੀਬੀਆਂ ਨੂੰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਨੂੰ ਸਮੇਂ ਦੀ ਲੋੜ ਦੱਸਦੇ ਹੋਏ, ਅਜਿਹੇ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।
ਸਮਾਰੋਹ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਬੀਬੀਆਂ ਨੂੰ ਇਸ ਕੋਰਸ ਲਈ ਸਿਖਲਾਈ ਨੂੰ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਬਣਦਾ ਯੋਗਦਾਨ ਪਾ ਸਕਣ। ਇਸ ਮੌਕੇ ਸਿਖਿਆਰਥਣਾਂ ਵੱਲੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਦੌਰਾਨ ਕੋਰਸ ਕੋਆਰਡੀਨੇਟਰ ਜਸਵਿੰਦਰ ਕੌਰ ਬਰਾੜ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੀਬੀਆਂ ਨੂੰ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵਾਧੂ ਪਈਆਂ ਚੀਜ਼ਾਂ ਦੀ ਯੋਗ ਵਰਤੋਂ ਕਰਨ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੇ ਡਾ. ਬਰਾੜ ਦੀ ਮੱਦਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗ- ਫਰੀ ਹੈਂਡ ਪੇਂਟਿੰਗ,ਬਲਾਕ ਪੇਂਟਿੰਗ, ਸਟੈਨਸਿਲ ਪੇਂਟਿੰਗ, ਫੌਆਇਲ ਪੇਂਟਿੰਗ, ਪੌਟ-ਪੇਂਟਿੰਗ, ਗਲਾਸ ਪੇਂਟਿੰਗ ਆਦਿ ਕਰਕੇ ਆਪਣੇ ਆਰਟੀਕਲ ਤਿਆਰ ਕੀਤੇ।