ਫਰੀਦਕੋਟ 25 ਜੂਨ () ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੌਰਾਨ ਕਿਸਾਨਾਂ ਨੂੰ ਗੁਣਵੱਤਾ ਭਰਪੂਰ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਅਸ਼ੋਕ ਚੱਕਰ ਹਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਰਾਜਪਾਲ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਸਮੂਹ ਖੇਤੀਬਾੜੀ ਵਿਕਾਸ ਅਫਸਰ, ਸਹਾਇਕ ਰਜਿਸਟਰਾਰ, ਕੋਆਪ੍ਰੇਟਿਵ ਇੰਸਪੈਕਟਰ ਅਤੇ ਸਕੱਤਰ ਸਹਿਕਾਰੀ ਸਭਾਵਾਂ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਸਮੂਹ ਸਕੱਤਰ ਸਹਿਕਾਰੀ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਆਰੀ ਖਾਦਾਂ ਦੀ ਉਪਲੱਧਤਾ ਕਰਵਾਈ ਜਾਵੇ। ਇਸ ਕੰਮ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਦੀ ਚੈਕਿੰਗ ਅਤੇ ਖਾਦਾਂ ਦੀ ਸੈਂਪਲਿੰਗ ਦੌਰਾਨ ਸਹਿਯੋਗ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਕੱਤਰ ਸਹਿਕਾਰੀ ਸਭਾਵਾਂ ਨੂੰ ਪੀ.ਓ.ਐਸ. ਮਸ਼ੀਨਾਂ ਵਿੱਚ ਅਤੇ ਸਹਿਕਾਰੀ ਸਭਾਵਾਂ ਵਿੱਚ ਖਾਦਾਂ ਦੇ ਫਿਜੀਕਲ ਸਟਾਕ ਦਾ ਮਿਲਾਨ ਕਰਨ ਸਬੰਧੀ ਹਦਾਇਤ ਕੀਤੀ ਗਈ ਅਤੇ ਖਾਦਾਂ ਦੇ ਬਿੱਲ ਬੁੱਕ ਅਤੇ ਸਟਾਕ ਰਜਿਸਟਰ ਨੂੰ ਮੁਕੰਮਲ ਰੱਖਣ ਸਬੰਧੀ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਪਾਸੋਂ ਖਾਦਾਂ ਪ੍ਰਾਪਤ ਕਰਨ ਸਮੇਂ ਪੱਕਾ ਬਿੱਲ ਜਰੂਰ ਲਿਆ ਜਾਵੇ।
ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੂੰ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਸਪਲਾਈ ਯਕੀਨੀ ਬਨਾਉਣ ਸਮੂਹ ਖਾਦ ਵਿਕਰੇਤਾਵਾਂ, ਸਹਿਕਾਰੀ ਸਭਾਵਾਂ, ਐਗਰੋ ਸੈਂਟਰ, ਮਾਰਕਫੈਡ ਸੇਲ ਸੈਂਟਰ ਅਤੇ ਇਫਕੋ ਸੇਲ ਸੈਂਟਰਾਂ ਦੀ ਸਮੇਂ-ਸਮੇਂ ਤੇ ਚੈਕਿੰਗ ਅਤੇ ਸੈਂਪਲਿੰਗ ਕਰਨੀ ਯਕੀਨੀ ਬਣਾਈ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਵਿਅਕਤੀ ਖਿਲਾਫ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਦੌਰਾਨ ਉਪ ਰਜਿਸਟਰਾਰ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਨੂੰ ਯਕੀਨ ਦਿਵਾਇਆ ਗਿਆ ਕਿ ਸਹਿਕਾਰੀ ਸਭਾਵਾਂ ਵਿੱਚ ਉੱਚ-ਮਿਆਰੀ ਖਾਦਾਂ ਦੀ ਹੀ ਉਪਲਬਧਤਾ ਕਰਵਾਈ ਜਾਵੇਗੀ।