ਬਠਿੰਡਾ, 22 ਫਰਵਰੀ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਦੌਰਾ ਕਰਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਬਣਾਏ ਜਾ ਰਹੇ ਮਿਡ-ਡੇ-ਮੀਲ ਅਤੇ ਆਂਗਣਵਾੜੀ ਸੈਂਟਰਾਂ ਚ ਮੁਹੱਈਆ ਕਰਵਾਈ ਜਾਣ ਵਾਲੀ ਰਾਸ਼ਨ ਸਮੱਗਰੀ ਅਤੇ ਰਾਸ਼ਨ ਡਿਪੂਆਂ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬੁੱਧ ਸਿੰਘ ਵਾਲਾ, ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਹਾਈ ਸਕੂਲ ਦਾਨ ਸਿੰਘ ਵਾਲਾ, ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਦਾ ਦੌਰਾ ਕਰਕੇ ਉਥੇ ਵਿਦਿਆਰਥੀਆਂ ਲਈ ਬਣਾਏ ਜਾ ਰਹੇ ਮਿਡ-ਡੇ-ਮੀਲ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਦਾਨ ਸਿੰਘ ਵਾਲਾ ਦੇ ਮਿਡ-ਡੇ-ਮੀਲ ਦੇ ਖਾਣੇ ਸਬੰਧੀ ਅਸੰਤੁਸ਼ਟੀ ਜਾਹਰ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਹਦਾਇਤ ਕੀਤੀ ਕਿ ਸਬੰਧਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਅੱਗੇ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਮੁਹੱਈਆ ਕਰਵਾਏ ਜਾਣ ਵਾਲੇ ਮਿਡ-ਡੇ-ਮੀਲ ਦੇ ਖਾਣੇ ਵਿੱਚ ਆਈ.ਐਸ.ਆਈ ਮਾਰਕਾ ਮਸਾਲੇ ਦੀ ਹੀ ਵਰਤੋਂ ਕੀਤੀ ਜਾਵੇ।
ਦੌਰੇ ਦੌਰਾਨ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਨੰਬਰ 136 ਦੀ ਚੈਕਿੰਗ ਕੀਤੀ ਗਈ। ਜਿੱਥੇ ਮਿੱਠਾ ਅਤੇ ਨਮਕੀਨ ਦਲੀਆ ਸੈਂਟਰ ਵਿੱਚ ਪਾਇਆ ਗਿਆ। ਇਸੇ ਪਿੰਡ ਦੇ ਆਂਗਣਵਾੜੀ ਸੈਂਟਰ 181 ਦੀ ਚੈਕਿੰਗ ਦੌਰਾਨ ਸੈਂਟਰ ਇੰਚਾਰਜ ਵੱਲੋਂ ਭੋਜ਼ਨ ਤਿਆਰ ਕਰਨ ਵਾਲੀ ਸਮਗਰੀ ਸੈਂਟਰ ਵਿੱਚ ਰੱਖਣ ਦੀ ਬਜਾਏ ਆਪਣੇ ਹੀ ਘਰ ਵਿਖੇ ਸਟੋਰ ਕੀਤੀ ਹੋਈ ਸੀ। ਇਸੇ ਤਰ੍ਹਾਂ ਪੰਚਾਇਤ ਘਰ ਵਿਖੇ ਸਥਿਤ ਆਂਗਣਵਾੜੀ ਸੈਂਟਰ ਨੰਬਰ 2 ਕੋਡ ਨੰਬਰ 29 ਅਤੇ 203 ਬੰਦ ਪਾਏ ਗਏ। ਜਿਸ ਦਾ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਨੋਟਿਸ ਲੈਂਦਿਆਂ ਮੌਕੇ ਤੇ ਮੌਜੂਦ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿੱਚ ਹੀ ਰਾਸ਼ਨ ਸਮੱਗਰੀ ਰੱਖੀ ਜਾਵੇ ਨਾ ਕਿ ਘਰਾਂ ਵਿੱਚ।
ਇਸ ਉਪਰੰਤ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਗੋਨਿਆਣਾ ਮੰਡੀ ਦੇ ਰਾਸ਼ਨ ਡਿਪੂ ਨੰਬਰ 35 ਦੀ ਵੀ ਚੈਕਿੰਗ ਕੀਤੀ ਗਈ, ਜਿੱਥੇ ਕਿ ਇਸ ਡਿਪੂ ਦਾ ਕੰਮ ਤਸ਼ੱਲੀਬਖ਼ਸ ਪਾਇਆ ਗਿਆ।
ਚੈਕਿੰਗ ਉਪਰੰਤ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਖਾਣੇ ਦੇ ਅਧਿਕਾਰ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਮੁਹੱਈਆ ਕਰਵਾਏ ਜਾ ਰਹੇ ਖਾਣੇ ਦੀ ਕੁਆਲਟੀ ਵਿਚ ਕਿਸੇ ਵੀ ਕਿਸਮ ਦੀ ਊਣਤਾਈ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਖਾਣੇ ਦੇ ਅਧਿਕਾਰ ਦੀ ਸੁਰੱਖਿਆ ਸਬੰਧੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਲਗਵਾਉਣੇ ਯਕੀਨੀ ਬਣਾਏ ਜਾਣ।
ਇਸ ਦੌਰਾਨ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਐਨ.ਐਫ.ਐਸ.ਏ 2013 ਅਧੀਨ ਵੱਖ-ਵੱਖ ਸਕੀਮਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਤੇ ਸ਼ਿਕਾਇਤ ਲਈ ਹੈਲਪਲਾਈਨ ਨੰਬਰ 9876764545 `ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾ ਦੀ ਕੋਈ ਸ਼ਿਕਾਇਤ ਆਦਿ ਕਮਿਸ਼ਨ ਦੀ ਈਮੇਲ punjabfoodcommission@gmail.com ਤੇ ਵੀ ਭੇਜੀ ਜਾ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਪਦਮਨੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲਮੈਂਟਰੀ ਸ. ਇਕਬਾਲ ਸਿੰਘ ਬੁੱਟਰ, ਤੋਂ ਇਲਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।