ਖੇੜੀ (ਸੁਨਾਮ), 31 ਜੁਲਾਈ:
ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਦਾ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਕੇਂਦਰ 10 ਏਕੜ ਰਕਬੇ ਵਿੱਚ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸਵੈ-ਅਨੁਸ਼ਾਸਨ, ਰਾਸ਼ਟਰੀ ਭਾਵਨਾ ਅਤੇ ਨਿਰਪੱਖਤਾ ਅਤੇ ਕੰਮ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹੁਨਰ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਕਲੌਤੀ ਸੰਸਥਾ ਹੈ ਜੋ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ਵਿੱਚ ਰਹਿਣ-ਸਹਿਣ ਅਤੇ ਸਿਖਲਾਈ ਬਿਲਕੁਲ ਮੁਫ਼ਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਸੀ-ਪਾਈਟ ਕੈਂਪ ਹਨ। ਸੀ-ਪਾਈਟ ਕੇਂਦਰ ਹੁਣ ਤੱਕ 2,52,656 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰ ਚੁੱਕੀ ਹੈ ਅਤੇ ਇਸ ਵਿਚੋਂ 1,14,670 ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਖੇੜੀ ਵਿਖੇ ਸਥਾਪਤ ਹੋਣ ਵਾਲੇ ਕੈਂਪਸ ਵਿੱਚ ਕਲਾਸ ਰੂਮ, ਰਹਿਣ-ਸਹਿਣ, ਖਾਣ-ਪੀਣ, ਆਧੁਨਿਕ ਖੇਡ ਮੈਦਾਨ ਸਮੇਤ ਉੱਤਮ ਦਰਜੇ ਦੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਾਲਾਨਾ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਾਕੀ 14 ਸੀ-ਪਾਈਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਪੰਜਾਬ ਸਰਕਾਰ ਵਲੋਂ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀ-ਪਾਈਟ ਦੇ ਪਿਛਲੇ 34 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਲਈ ਅਜਿਹੇ ਯਤਨ ਨਹੀਂ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਵੱਲੋਂ ਹੁਣ ਨੌਜਵਾਨਾਂ ਲਈ ਡਰੋਨ, ਸੁਰੱਖਿਆ ਸੇਵਾਵਾਂ ਅਤੇ ਖੁਦਾਈ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਕ ਸੀ-ਪਾਈਟ ਕੈਂਪਸ ਵਿੱਚ ‘ਸੈਂਟਰ ਆਫ ਐਕਸੀਲੈਂਸ ਇਨ ਡਰੋਨ ਟ੍ਰੇਨਿੰਗ, ਰਿਪੇਅਰ ਐਂਡ ਐਸੰਬਲੀ ਦੀ ਸਥਾਪਨਾ’ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇ ਇਨ੍ਹਾਂ ਉਪਰਾਲਿਆ ਦਾ ਸੱਭ ਤੋਂ ਵੱਧ ਫਾਇਦਾ ਪੈਂਡੂ ਇਲਾਕਿਆਂ ਦੇ ਗਰੀਬ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁੰਦਾ ਹੈ।
ਮੁੱਖ ਮੰਤਰੀ ਨੇ ਖੇੜੀ (ਸੁਨਾਮ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ
[wpadcenter_ad id='4448' align='none']