ਐਸ.ਏ.ਐਸ.ਨਗਰ, 11 ਦਸੰਬਰ, 2023:
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜ਼ਿਲ੍ਹੇ ਚੋਂ 43 ਸ਼ਰਧਾਲੂਆਂ ਦਾ ਪਹਿਲਾ ਜੱਥਾ ਭਲਕੇ (ਮੰਗਲਵਾਰ) ਮੋਹਾਲੀ ਸਬ ਡਵੀਜ਼ਨ ਦੇ ਪਿੰਡ ਝਾਮਪੁਰ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।
ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਮੋਹਾਲੀ ਵਿਖੇ ਸਬੰਧਤ ਅਧਿਕਾਰੀਆਂ ਨਾਲ ਤਿਆਰੀਆਂ ਸਬੰਧੀ ਰੱਖੀ ਗਈ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਦੀ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸ਼ੁਰੂਆਤੀ ਥਾਂ ‘ਤੇ ਸਿਹਤ ਟੀਮ ਤਾਇਨਾਤ ਕਰਕੇ ਸਾਰੇ ਸ਼ਰਧਾਲੂਆਂ ਦੀ ਸਿਹਤ ਦੀ ਜਾਂਚ ਕੀਤੀ ਜਾਵੇ। ਬੱਸ ਰਾਜ ਟਰਾਂਸਪੋਰਟ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਨੂੰ ਲੋਕਾਂ ਦੇ ਸੁਰੱਖਿਅਤ ਸਫ਼ਰ ਲਈ ਚੰਗੀ ਹਾਲਤ ਵਾਲੇ ਵਾਹਨ ਦਾ ਪ੍ਰਬੰਧ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ਰਧਾਲੂ ਭਲਕੇ ਰਾਤ ਅੰਮ੍ਰਿਤਸਰ ਵਿਖੇ ਰੁਕਣਗੇ ਅਤੇ ਅਗਲੀ ਸਵੇਰ ਤਲਵੰਡੀ ਸਾਬੋ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਰਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਵਿੱਚ ਪਹਿਲੀ ਯਾਤਰਾ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਅਤੇ ਸਥਾਨਕ ਐਸ.ਡੀ.ਐਮ ਚੰਦਰਜੋਤ ਸਿੰਘ ਨੂੰ ਸਾਰੇ ਪ੍ਰਬੰਧ ਅਗਾਊਂ ਸੰਭਾਲਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰੇਕ ਸਬ ਡਵੀਜ਼ਨ/ਹਲਕੇ ਤੋਂ ਅੱਠ ਬੱਸਾਂ ਰਵਾਨਾ ਹੋਣਗੀਆਂ। ਬੱਸਾਂ ਲਈ ਸਮਾਂ-ਸਾਰਣੀ ਰਾਜ ਸਰਕਾਰ ਦੁਆਰਾ ਤੈਅ ਕੀਤੀ ਜਾਵੇਗੀ ਅਤੇ ਅੰਤਿਮ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਭਲਕੇ ਰਾਸ਼ਟਰੀ ਰਾਜਮਾਰਗ ਤੱਕ ਬੱਸ ਦੀ ਰਵਾਨਗੀ ਲਈ ਇੱਕ ਨਿਰਵਿਘਨ ਟ੍ਰੈਫਿਕ ਰੂਟ ਵੀ ਤਿਆਰ ਕਰਨ ਲਈ ਕਿਹਾ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਐਸ ਪੀ (ਐਚ) ਸ੍ਰੀਮਤੀ ਜੋਤੀ ਯਾਦਵ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਸਕੱਤਰ ਆਰ ਟੀ ਏ ਪਰਦੀਪ ਸਿੰਘ ਢਿੱਲੋਂ, ਸੀ ਐਸ ਦਫ਼ਤਰ ਤੋਂ ਡਾ. ਗਿਰੀਸ਼ ਡੋਗਰਾ ਅਤੇ ਪੰਜਾਬ ਰੋਡਵੇਜ਼ ਅਤੇ ਪੈਪਸੂ ਟਰਾਂਸਪੋਰਟ ਦੇ ਨੁਮਾਇੰਦੇ ਮੌਜੂਦ ਸਨ।