11 ਤੋਂ 21 ਜੂਨ ਤੱਕ ਮਨਾਇਆ ਜਾਵੇਗਾ  ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ

ਮੋਗਾ 10 ਜੂਨ:
ਕਿਰਤ ਕਮਿਸ਼ਨਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ 11 ਜੂਨ ਤੋਂ 21 ਜੂਨ 2024 ਤੱਕ (ਸਿਵਾਏ 15 ਤੋਂ 17 ਜੂਨ ਤੱਕ ਛੁੱਟੀ ਹੋਣ ਕਾਰਨ) ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ  ”ਦ ਚਾਈਲਡ ਐਂਡ ਅਡੋਲੋਸੈੱਟ ਲੇਬਰ (ਪ੍ਰੋਹਿਬੇਸ਼ਨ ਐਂਡ ਰੈਗੂਲੇਸ਼ਨ) ਐਕਟ 1986″ ਅਤੇ “ਪੰਜਾਬ ਚਾਈਲਡ ਐਂਡ ਅਡੋਲੋਸੈਂਟ (ਪ੍ਰੋਹਿਬੇਸ਼ਨ ਐਂਡ ਰੈਗੂਲੇਸ਼ਨ) ਅਮੈਂਡਮੈਂਟ ਰੂਲਜ਼, 2023” ਦੇ ਉਪਬੰਧਾਂ ਤਹਿਤ  ਜਿਲ੍ਹੇ ਵਿੱਚ ਖਤਰਨਾਕ ਕਿੱਤਿਆ ਤੇ ਪ੍ਰੋਸੈਸਿਜ ਅਤੇ ਗੈਰ- ਖਤਰਨਾਕ ਕਿੱਤਿਆ ਤੇ ਪ੍ਰੋਸੈਸਿਜ ਵਿੱਚ ਅਚਨਚੇਤ ਛਾਪੇ ਮਾਰਨ ਲਈ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਵੀ ਨਿਯਤ ਕਰ ਦਿੱਤੇ ਗਏ ਹਨ। ਇਹ ਟੀਮਾਂ ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ “ਪੰਜਾਬ ਚਾਈਲਡ ਐਂਡ ਅਡੋਲੋਸੈਂਟ (ਪ੍ਰੋਬੇਸ਼ਨ ਐਂਡ ਰੈਗੂਲੇਸ਼ਨ) ਅਮੈਂਡਮੈਂਟ ਰੂਲਜ਼, 2023 ਅਤੇ “ਦ ਚਾਈਲਡ ਐਂਡ ਅਡੋਲੋਸੈਂਟ ਲੇਬਰ (ਪ੍ਰੋਹਿਬੇਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਵੀ ਕਰਨਗੀਆ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਟੀਮਾਂ ਸਬੰਧਤ ਸਬ-ਡਵੀਜਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਚੈਕਿੰਗ ਕਰਕੇ ਆਪਣੀ ਰਿਪੋਰਟ ਸਹਾਇਕ ਕਿਰਤ ਕਮਿਸ਼ਨਰ, ਮੋਗਾ ਨੂੰ ਭੇਜਣਗੀਆਂ ਅਤੇ ਸਹਾਇਕ ਕਿਰਤ ਕਮਿਸ਼ਨਰ, ਮੋਗਾ ਵੱਲੋਂ ਇਹ ਰਿਪੋਰਟਾਂ ਕਿਰਤ ਕਮਿਸ਼ਨਰ, ਵੱਲੋਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰੀਆਂ ਜਾਣਗੀਆਂ।  ਇਹਨਾਂ ਟੀਮਾਂ ਵਿੱਚ ਪੁਲਿਸ ਵਿਭਾਗ, ਸਮੂਹ ਐਸ ਡੀ ਐਮਜ਼, ਸਿਹਤ ਵਿਭਾਗ, ਸ਼ਹਿਰੀ ਤੇ ਪੇਂਡੂ ਵਿਕਾਸ ਵਿਭਾਗ, ਫੈਕਟਰੀਜ਼ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ, ਕਿਰਤ ਵਿਭਾਗ ਆਦਿ ਦੇ ਨੁਮਾਇੰਦੇ ਸ਼ਾਮਿਲ ਹਨ।
ਜਿਕਰਯੋਗ ਹੈ ਕਿ ਇਹਨਾਂ ਲਿਖਤੀ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਿਸੇ ਵੀ ਢਿੱਲ ਜਾਂ ਅਣਗਹਿਲੀ ਲਈ ਸਬੰਧਤ ਵਿਭਾਗਾਂ ਦੀ ਜਿੰਮੇਵਾਰੀ ਬਾਰੇ ਵੀ ਦਰਸਾਇਆ ਗਿਆ ਹੈ।

[wpadcenter_ad id='4448' align='none']