ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ

childhood talk ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ..ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ..ਦਸਾਂ ਦੇ ਮੋਤੀ ਚੂਰ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ..ਕਈ ਵੇਰ ਕੁਝ ਪੈਸੇ ਨਿੱਕਲ ਆਉਂਦੇ ਤਾਂ ਮੌਜਾਂ ਲੱਗ ਜਾਂਦੀਆਂ!

ਇੱਕ ਵੇਰ ਸੁਵੇਰੇ ਸੁਵੇਰੇ ਅਨਾਊਂਸਮੈਂਟ ਹੋਈ..ਵੱਡੀ ਕਲਾਸ ਦੀਆਂ ਕੁੜੀਆਂ ਨੇ ਮਿਠਿਆਈ ਬਣਾਉਣੀ ਸੀ..ਇੱਕ ਮੁਕਾਬਲਾ ਹੋਣਾ ਸੀ..ਤਰਾਂ ਤਰਾਂ ਦੀਆਂ ਵੰਨਗੀਆਂ ਅਤੇ ਹੋਰ ਵੀ ਕਿੰਨਾ ਕੁਝ..ਉਸ ਦਿਨ ਪੜਾਈ ਵੀ ਨਹੀਂ ਸੀ ਹੋਣੀ!

ਮੈਂ ਮਿੱਥੇ ਟਾਈਮ ਅੱਪੜ ਗਿਆ..ਜਿਥੇ ਜਾਵਾਂ ਉਹ ਅੱਗੋਂ ਡੂਨੇ ਵਿੱਚ ਪਾ ਪਾ ਕਿੰਨਾ ਕੁਝ ਦੇਈ ਜਾਵਣ ਤੇ ਮੈਂ ਰੱਜ ਰੱਜ ਖਾਈ ਜਾਵਾਂ..ਕੁਝ ਐਸੀਆਂ ਵੀ ਜਿਹੜੀਆਂ ਪਹਿਲੀ ਵੇਰ ਖਾਦੀਆਂ ਸਨ..!

ਅਖੀਰ ਜਦੋਂ ਪੂਰਾ ਰੱਜ ਹੋ ਗਿਆ ਤਾਂ ਵੱਡਾ ਸਾਰਾ ਡਕਾਰ ਮਾਰ ਓਥੋਂ ਤੁਰਨ ਲੱਗਾ ਤਾਂ ਸਾਰੀਆਂ ਮਗਰ ਭੱਜੀਆਂ ਆਈਆਂ..ਅਖ਼ੇ ਪੈਸੇ ਕਿੰਨੇ ਦੇਣੇ..ਦੋ ਰੁਪਈਏ ਤੇ ਪੰਝੱਤਰ ਪੈਸੇ ਬਣੇ..!

ਮੈਂ ਡਰੇ ਹੋਏ ਨੇ ਆਪਣੇ ਖਾਲੀ ਬੋਝੇ ਵਿਖਾ ਦਿੱਤੇ..ਪਰ ਉਹ ਕਿੰਨੀਆਂ ਸਾਰੀਆਂ ਤੇ ਮੈਂ ਕੱਲਾ..ਕੋਈ ਕੁਝ ਆਖੀ ਜਾਵੇ ਤੇ ਕੋਈ ਕੁਝ..ਜੇ ਪੈਸੇ ਨਾ ਦਿੱਤੇ ਤਾਂ ਗੱਲ ਘਰਦਿਆਂ ਤੱਕ ਜਾਊ..ਮਾਸਟਰ ਜੀ ਕੋਲੋਂ ਕੁੱਟ..ਜੁਰਮਾਨਾ..ਬੇਇੱਜਤੀ..ਮਖੌਲ..ਅਤੇ ਹੋਰ ਵੀ ਕਿੰਨਾ ਕੁਝ!

ਅਖੀਰ ਏਨਾ ਸਾਰਾ ਕੁਝ ਸੁਣ ਘਾਬਰੇ ਹੋਏ ਦਾ ਰੋਣ ਨਿੱਕਲ ਗਿਆ..ਏਨੇ ਨੂੰ ਇੱਕ ਕੁੜੀ ਛੇਤੀ ਨਾਲ ਅੱਗੇ ਆਈ ਤੇ ਮੈਨੂੰ ਆਪਣੇ ਕਲਾਵੇ ਵਿਚ ਲੈ ਲਿਆ..ਚੁੰਨੀ ਨਾਲ ਮੇਰੇ ਹੰਝੂ ਪੂੰਝੇ..ਲਾਡ ਪਿਆਰ ਕੀਤਾ ਤੇ ਆਖਿਆ ਕੁਝ ਨੀ ਹੁੰਦਾ ਬੱਸ ਚੁੱਪ ਕਰ ਕੇ ਮੇਰੇ ਮਗਰ ਖਲੋਤਾ ਰਹਿ..!

ਉਸ ਵੇਲੇ ਉਹ ਮੈਨੂੰ ਮੇਰੀ ਦਾਦੀ ਜੀ ਦੀਆਂ ਸਾਖੀਆਂ ਵਾਲੀ ਬੇਬੇ ਨਾਨਕੀ ਦਾ ਰੂਪ ਹੀ ਲੱਗੀ! childhood talk

ਏਨੇ ਨੂੰ ਪ੍ਰਿੰਸੀਪਲ ਮੈਡਮ ਵੀ ਆ ਗਏ..ਸਾਰੀ ਗੱਲ ਦਾ ਪਤਾ ਲੱਗਾ..ਤਾਂ ਹੱਸ ਪਏ..ਫੇਰ ਘੜੀ ਵੇਖਦਿਆਂ ਪੁੱਛਣ ਲੱਗੇ ਸਭ ਤੋਂ ਵਧੀਆ ਵੰਨਗੀ ਚੁਣਨ ਵਾਲੇ ਜੱਜ ਨੇ ਆਉਣਾ ਸੀ ਉਹ ਅਜੇ ਤੱਕ ਅੱਪੜਿਆ ਕੇ ਨਹੀਂ?

ਨਾਂਹ ਵਿੱਚ ਜੁਆਬ ਮਿਲਣ ਤੇ ਆਖਣ ਲੱਗੇ ਇਸ ਬੱਚੇ ਨੇ ਤਕਰੀਬਨ ਸਾਰੀਆਂ ਮਿਠਿਆਈਆਂ ਖਾਦੀਆਂ ਨੇ..ਬਤੌਰ ਜੱਜ ਵੀ ਹੁਣ ਇਹੀ ਦੱਸੇਗਾ ਕੇ ਸਭ ਤੋਂ ਵਧੀਆ ਕਿਹੜੀ ਸੀ!

ਹੁਣ ਕਿੰਨੀਆਂ ਸਾਰੀਆਂ ਸਵਾਲੀਆਂ ਨਜਰਾਂ ਮੇਰੇ ਤੇ ਗੱਡੀਆਂ ਗਈਆਂ ਤੇ ਮੈਂ ਪਲਾਂ ਛਿਣਾਂ ਵਿੱਚ ਹੀ ਇੱਕ ਵੱਡੀ ਭੀੜ ਦਾ ਜਰੂਰੀ ਜਿਹਾ ਕੇਂਦਰ ਬਿੰਦੂ ਬਣ ਗਿਆ..!

ਸਮਝ ਨਾ ਆਵੇ ਕੀ ਆਖਾਂ..ਫੇਰ ਅਚਾਨਕ ਹੀ ਵੱਡੀ ਭੈਣ ਦੀ ਉਮਰ ਦੀ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਜਿਸ ਨੇ ਮੈਨੂੰ ਔਖੇ ਵੇਲੇ ਆਪਣੀ ਬੁੱਕਲ ਵਿਚ ਲੁਕੋਇਆ ਸੀ!

ਅਗਲੇ ਹੀ ਪਲ ਰੌਲਾ ਪੈ ਗਿਆ ਕੇ ਗੁਲਾਬ ਜਾਮੁਣ ਵਾਲੀ ਵੰਨਗੀ ਜਿੱਤ ਗਈ..ਪਰ ਫੜਕ ਫੜਕ ਕਰਕੇ ਵੱਜ ਰਿਹਾ ਮੇਰਾ ਦਿਲ ਹੀ ਜਾਣਦਾ ਸੀ ਕੇ ਉਸ ਦਿਨ ਗੁਲਾਬ ਜਾਮੁਣ ਨਹੀਂ ਸਗੋਂ ਹਮਦਰਦੀ,ਆਪਣੇ ਪਣ ਅਤੇ ਪਿਆਰ ਮੁਹੱਬਤ ਦਾ ਇੱਕ ਅਦੁੱਤੀ ਮੁਜੱਸਮਾਂ ਬਾਜੀ ਮਾਰ ਗਿਆ ਸੀ! childhood talk

ਅੱਜ ਏਨੇ ਵਰ੍ਹਿਆਂ ਬਾਅਦ ਸ਼ੈਸ਼ਨ ਜੱਜ ਲੱਗ ਭਾਵੇਂ ਓਸੇ ਸ਼ਹਿਰ ਵਿੱਚ ਹੀ ਤਾਇਨਾਤ ਹਾਂ ਪਰ ਫੇਰ ਵੀ ਜਦੋਂ ਕਦੀ ਉਸ ਹਾਈ ਸਕੂਲ ਅੱਗਿਓਂ ਨਿੱਕਲਣ ਦਾ ਸਬੱਬ ਬਣਦਾ ਏ ਤਾਂ ਐਨ ਮੂਹਰੇ ਗੱਡੀ ਜਰੂਰ ਰੁਕਵਾ ਲੈਂਦਾ ਹਾਂ..ਫੇਰ ਜਦੋਂ ਡਰਾਈਵਰ ਹੈਰਾਨ ਹੋ ਕੇ ਪੁੱਛਦਾ ਹੈ ਤਾਂ ਅੱਗੋਂ ਆਖਦਾ ਹਾਂ ਕੇ ਕਰਮ ਸਿਹਾਂ ਇਹ ਓਹੀ ਥਾਂ ਏ ਜਿਥੇ ਕਦੀ ਤੇਰਾ ਸਾਬ ਜਿੰਦਗੀ ਵਿੱਚ ਪਹਿਲੀ ਵੇਰ ਜੱਜ ਬਣਿਆ ਸੀ..ਉਸ ਮੁੱਕਦਮੇਂ ਦਾ ਜੱਜ ਜਿਸ ਵਿੱਚ ਕਿਸੇ ਨੂੰ ਕੋਈ ਸਜਾ ਨਹੀਂ ਸੀ ਹੋਈ ਸਗੋਂ ਇੱਕ ਐਸੇ ਇਨਾਮ ਦਾ ਲੈਣ ਦੇਣ ਹੋਇਆ ਸੀ ਜਿਹੜਾ ਬਹੁਤ ਘੱਟ ਲੋਕਾਂ ਨੂੰ ਹੀ ਨਸੀਬ ਹੁੰਦਾ ਏ!

[wpadcenter_ad id='4448' align='none']