ਬੱਚਿਆਂ ਨੂੰ ਯੌਨ ਸ਼ੋਸ਼ਣ ਪ੍ਰਤੀ ਜਾਗਰੂਕ ਹੋਣਾ ਚਾਹੀਦਾਹੈ- ਜੱਜ ਗੁਰਜੀਤ ਕੌਰ ਢਿੱਲੋਂ

ਮਾਨਸਾ, 12 ਦਸੰਬਰ:
ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸਸ (ਪੋਕਸੋ) ਐਕਟ ਬੱਚਿਆਂ ਦਾ ਯੌਨ ਸ਼ੋਸ਼ਣ ਰੋਕਣ ਲਈ ਬਹੁਤ ਮਹੱਤਵਪੂਰਨ ਐਕਟ ਹੈ। ਬੱਚਿਆਂ ਨੂੰ ਯੌਨ ਸ਼ੋਸ਼ਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਜਦੋਂ ਵੀ ਇਸ ਸੰਬੰਧੀ ਕੋਈ ਮਾਮਲਾ ਆਉਂਦਾ ਹੈ ਤਾਂ ਪੀੜਿਤ ਬੱਚੇ ਨੂੰ ਤੁਰੰਤ ਆਪਣੇ ਮਾਪਿਆਂ, ਅਧਿਆਪਕਾਂ ਜਾਂ ਭਰੋਸੇਮੰਦ ਜਾਣਕਾਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਜੀਤ ਕੌਰ ਢਿੱਲੋਂ ਨੇ ਸਰਕਾਰੀ ਹਾਈ ਸਕੂਲ, ਬੋੜਾਵਾਲ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਸੈਕਸੂਅਲ ਹਰਾਸ਼ਮੈਂਟ ਆਫ ਵੂਮੈਨ ਐਟ ਵਰਕਪਲੇਸ (ਪ੍ਰੀਵੈਨਸ਼ਨ, ਪ੍ਰੋਹਿਬਸ਼ਨ ਐਂਡ ਰੀਡਰੈਸਲ) ਐਕਟ 2013 ਦੇ ਹਵਾਲੇ ਨਾਲ ਕੰਮਕਾਜੀ ਸਥਾਨਾਂ ਤੇ ਔਰਤਾਂ ਦੇ ਯੌਨ ਸ਼ੋਸ਼ਣ ਸੰਬੰਧੀ ਵਿਸਥਾਰ ਨਾਲ ਚਰਚਾ ਕਰਦਿਆਂ ਇਸ ਬਾਰੇ ਕਾਨੂੰਨੀ ਵਿਵਸਥਾਵਾਂ ’ਤੇ ਚਰਚਾ ਕੀਤੀ। ਉਨ੍ਹਾਂ ਸੱਦਾ ਦਿੱਤਾ ਕਿ 18 ਸਾਲ ਤੋਂ ਘੱਟ ਦੇ ਬੱਚੇ ਆਪਣੇ ਆਸ-ਪਾਸ ਹੁੰਦੀਆਂ ਕਿਰਿਆਵਾਂ ਅਤੇ ਘਟਨਾਵਾਂ ਪ੍ਰਤੀ ਸੁਚੇਤ ਰਹਿਣ, ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਣ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨ।
ਉਨ੍ਹਾਂ ਕਿਹਾ ਕਿ ਕੰਮਕਾਜੀ ਔਰਤਾਂ ਵੀ ਆਪਣੇ ਉੱਤਮ ਅਧਿਕਾਰੀਆਂ ਦੀ ਕਿਸੇ ਜਿਆਦਤੀ ਨੂੰ ਸਹਿਣ ਨਾ ਕਰਨ ਸਗੋਂ ਇਹ ਮਾਮਲਾ ਕਾਨੂੰਨੀ ਧਰਾਤਲ ’ਤੇ ਉਠਾਉਣ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਅਤੇ ਕੰਮਕਾਜੀ ਔਰਤਾਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ।

[wpadcenter_ad id='4448' align='none']