ਫਰੀਦਕੋਟ, 07 ਜੁਲਾਈ,2024
ਮੌਸਮ ਵਿਭਾਗ ਵਲੋਂ ਆਉਣ ਵਾਲੀਆਂ ਬਾਰਸ਼ਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਅਲਰਟ ਉਪਰੰਤ ਜ਼ਿਲ੍ਹੇ ਵਿੱਚ ਵਿੱਢੇ ਗਏ ਡਰੇਨਾਂ ਦੀ ਸਫਾਈ ਸਬੰਧੀ ਕੰਮ ਤੇ ਅੱਜ ਤਸੱਲੀ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਕੁੱਲ 34 ਡਰੇਨਾਂ ਵਿੱਚੋਂ 20 ਦੀ ਮੁਕੰਮਲ ਤੌਰ ਤੇ ਸਫਾਈ ਕੀਤੀ ਜਾ ਚੁੱਕੀ ਹੈ ਅਤੇ ਰਹਿੰਦੀਆਂ 14 ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੇਨਜ਼ ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਮਹਿਕਮੇ ਦੀ ਰੋਜ਼ਾਨਾ ਕਾਰਗੁਜ਼ਾਰੀ ਲਿਖਤੀ ਤੌਰ ਤੇ ਮੁਹੱਈਆ ਕਰਵਾਈ ਜਾ ਰਹੀ ਹੈ । ਐਸ.ਡੀ.ਓ ਸ. ਗੁਰਜੀਤ ਗਿੱਲ ਨੇ ਦੱਸਿਆ ਕਿ ਇਨ੍ਹਾਂ 34 ਡਰੇਨਾਂ ਦੀ ਸਫਾਈ ਨਾਲ ਭਾਰੀ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਡਰੇਨਾਂ ਦੀ ਕੁੱਲ ਲੰਬਾਈ ਤਕਰੀਬਨ 217 ਕਿਲੋਮੀਟਰ ਬਣਦੀ ਹੈ ਜਿਸ ਦੀ ਸਫਾਈ ਦਾ ਕੰਮ ਉੱਚ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਅਤੇ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡਰੇਨਾਂ ਵਿਚੋਂ 18 ਡਰੇਨਾਂ ਟੈਂਡਰ ਰਾਹੀਂ, 2 ਡਿਪਾਰਟਮੈਂਟ ਮਸ਼ੀਨਰੀ ਰਾਹੀਂ ਅਤੇ 8 ਦੀ ਮਗਨਰੇਗਾ ਅਧੀਨ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ 6 ਡਰੇਨਾਂ ਦੇ ਟੈਂਡਰ ਲੱਗਣ ਤੋਂ ਬਾਅਦ ਜਲਦ ਹੀ ਸਫਾਈ ਕਰਵਾ ਦਿੱਤੀ ਜਾਵੇਗੀ । ਇਸ ਸਫਾਈ ਮੁਹਿੰਮ ਤੇ ਆਉਣ ਵਾਲੇ ਖਰਚੇ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਮਹਿਕਮੇ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਹੈ ।
ਜਿਲ੍ਹਾ ਫ਼ਰੀਦਕੋਟ ਵਿਖੇ ਲੋਕਾਂ ਨੂੰ ਬਾਰਿਸ਼ਾਂ ਦੌਰਾਨ ਖੜੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪੱਧਰ ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ । ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਰੱਖਿਆ ਗਿਆ ਹੈ ਜਿਸ ਲਈ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਰੋਸਟਰ ਵਾਈਜ਼ ਟੈਲੀਫੋਨ ਸੁਣਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ । ਇਸ ਟੈਲੀਫੋਨ ਨੰਬਰ (01639-250338) ਤੇ ਫੋਨ ਕਰਕੇ ਇਸ ਇਲਾਕੇ ਦਾ ਕੋਈ ਵੀ ਬਾਸ਼ਿੰਦਾ ਹੜ੍ਹਾਂ ਸਬੰਧੀ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ । ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਇਸ ਟੈਲੀਫੋਨ ਨੰਬਰ ਤੇ ਪ੍ਰਾਪਤ ਸ਼ਿਕਾਇਤਾਂ ਉੱਪਰ ਤੁਰੰਤ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।