ਮੋਹਾਲੀ ਸ਼ਹਿਰ ’ਚ ਰੋਜ਼ਾਨਾ 92 ਯੋਗਾ ਸੈਸ਼ਨਾਂ ਰਾਹੀਂ ‘ਸੀ ਐਮ ਦੀ ਯੋਗਸ਼ਾਲਾ’ ਕਰ ਰਹੀ ਹੈ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕ-ਐਸ ਡੀ ਐਮ ਦੀਪਾਂਕਰ ਗਰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜੂਨ, 2024:
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਮੋਹਾਲੀ ਸ਼ਹਿਰ ’ਚ ਰੋਜ਼ਾਨਾ 92 ਯੋਗਾ ਸੈਸ਼ਨ ਲਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਮੋਹਾਲੀ ਵਿੱਚ ਕੁੱਲ 18 ਯੋਗਾ ਟ੍ਰੇਨਰ ਲੋਕਾਂ ਨੂੰ ਮੁਫ਼ਤ ਯੋਗਾ ਸੈਸ਼ਨ ਲਾ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੋਹਾਲੀ ’ਚ ਇੰਪਲਾਇਜ਼ ਸੁਸਾਇਟੀ ਸੈਕਟਰ 68, ਫ਼ੇਸ 6 ਪਾਰਕ ਨੰ. 23, ਪਾਰਕ ਨੰ. 25, ਫ਼ੇਸ 4, ਜੇ ਐਲ ਪੀ ਐਲ ਸੁਸਾਇਟੀ ਸੈਕਟਰ 94, ਫ਼ੇਸ 1 ਦੇ ਪਾਰਕ ਨੰ. 23 ਅਤੇ ਢੇਲਪੁਰ ਪਿੰਡ ਸਮੇਤ ਕੁੱਲ 92 ਥਾਂਵਾਂ ’ਤੇ ਰੋਜ਼ਾਨਾ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਯੋਗਾ ਦੀ ਮੱਦਦ ਨਾਲ ਆਪਣੀ ਜੀਵਨ ਸ਼ੈਲੀ ’ਚ ਸੁਧਾਰ ਕਰਕੇ ਅਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ, ਜਿਨ੍ਹਾਂ ਦਾ ਭਾਰਤ ਦੀ ਇਸ ਪੁਰਤਾਨ ਵਿਆਯਮ ਪੱਧਤੀ ’ਚ ਕਾਰਗਰ ਇਲਾਜ ਉਪਲਬਧ ਹੈ।
ਫ਼ੇਸ 4 ਚ ਯੋਗਾ ਕਲਾਸਾਂ ਲਾ ਰਹੇ ਟ੍ਰੇਨਰ ਸ਼ਿਵਨੇਤਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ’ਚ ਯੋਗਾ ਪ੍ਰਤੀ ਹਾਂ-ਪੱਖੀ ਸੋਚ ਬਣਨ ਲੱਗੀ ਹੈ, ਉਨ੍ਹਾਂ ਨੂੰ ਯੋਗ ਆਸਣ ਨਾਲ ਪੁਰਾਣੀਆਂ ਬਿਮਾਰੀਆਂ ਨੂੰ ਮਾਤ ਦੇਣ ਦੀ ਇਹ ਪ੍ਰਣਾਲੀ ਹੁਣ ਆਪਣੇ ਵੱਲ ਖਿੱਚ ਰਹੀ ਹੈ।
ਇੰਪਲਾਇਜ਼ ਸੁਸਾਇਟੀ ਸੈਕਟਰ 68 ’ਚ ਯੋਗਾ ਕਲਾਸਾਂ ਲਗਵਾ ਰਹੇ ਇੰਸਟ੍ਰੱਕਟਰ ਸੁਰਿੰਦਰ ਕੁਮਾਰ ਝਾਅ ਅਨੁਸਾਰ ਸ਼ੁਰੂ-ਸ਼ੁਰੂ ਵਿੱਚ ਯੋਗਾ ਕਲਾਸਾਂ ਪ੍ਰਤੀ ਮਹਿਲਾਵਾਂ ’ਚ ਹੀ ਉਤਸ਼ਾਹ ਪਾਇਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ। ਵੱਡੀ ਗਿਣਤੀ ’ਚ ਪੁਰਸ਼ ਵੀ ਆਪਣੀ ਸਿਹਤ ਪ੍ਰਤੀ ਫ਼ਿਕਰਮੰਦੀ ਨੂੰ ਸਮਝਦੇ ਹੋਏ ਯੋਗਾ ਕਲਾਸਾਂ ’ਚ ਸ਼ਾਮਿਲ ਹੋ ਰਹੇ ਹਨ।
ਜ਼ਿਲ੍ਹਾ ਯੋਗਾ ਕਲਾਸ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਮਹਿਲਾਵਾਂ ਅਤੇ ਪੁਰਸ਼ਾਂ ਲਈ ਅਲੱਗ-ਅਲੱਗ ਕਲਾਸਾਂ ਦਾ ਪ੍ਰਬੰਧ ਵੀ ਹੈ। ਮਿਸਾਲ ਵਜੋਂ ਫ਼ੇਸ 6 ਪਾਰਕ ਨੰ. 23  ਅਤੇ ਇੰਪਲਾਇਜ਼ ਸੁਸਾਇਟੀ ਸੈਕਟਰ 68 
’ਚ ਕੇਵਲ ਪੁਰਸ਼ਾਂ ਦੀ ਯੋਗਾ ਕਲਾਸ ਵੀ ਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ-ਇੱਕ ਟ੍ਰੇਨਰ 5-5 ਤੋਂ ਵਧੇਰੇ ਕਲਾਸਾਂ ਲਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਕਲਾਸਾਂ ਸਵੇਰੇ 5:00 ਵਜੇ ਤੋਂ ਸ਼ੁਰੂ ਕਰਕੇ ਸ਼ਾਮ 8:15 ਵਜੇ ਤੱਕ ਜਾਰੀ ਰਹਿੰਦੀਆਂ ਹਨ। ਉਨ੍ਹਾ ਕਿਹਾ ਕਿ ਨਵੇਂ ਬੈਚ ਵਾਸਤੇ 25 ਮੈਂਬਰਾਂ ਦਾ ਹੋਣਾ ਲਾਜ਼ਮੀ ਹੈ ਅਤੇ ਇਸ ਲਈ ਸੂਬਾਈ ਹੈਲਪ ਲਾਈਨ ਨੰ. 76694-00500 ’ਤੇ ਸੰਪਰਕ ਕਰਕੇ ਕੋਚ ਦੀ ਮੰਗ ਕੀਤੀ ਜਾ ਸਕਦੀ ਹੈ। ਯੋਗਾ ਕੋਚ ਦੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਉਪਲਬਧ ਕਰਵਾਈ ਜਾਂਦੀ ਹੈ। ਯੋਗਾ ਕਲਾਸਾਂ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ਜਿਹੀਆਂ ਸਾਂਝੀਆਂ ਥਾਂਵਾਂ ’ਤੇ ਲਾਈਆਂ ਜਾਂਦੀਆਂ ਹਨ ਤਾਂ ਜੋ ਕਿਸੇ ਨੂੰ ਵੀ ਯੋਗਾ ਕਲਾਸ ਅਟੈਂਡ ਕਰਨ ’ਚ ਕੋਈ ਮੁਸ਼ਕਿਲ ਨਾ ਆਵੇ।

[wpadcenter_ad id='4448' align='none']