ਨਸ਼ਿਆਂ ਦੇ ਖਾਤਮੇ ਵਿੱਚ ਹਰ ਵਰਗ ਦਾ ਸਹਿਯੋਗ ਜ਼ਰੂਰੀ: ਡੀ.ਆਈ.ਜੀ. ਨੀਲਾਂਬਰੀ ਜਗਦਲੇ

ਐੱਸ.ਏ.ਐੱਸ. ਨਗਰ, 09 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਪੰਜਾਬ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ 15 ਰੋਜ਼ਾ, ਸਾਹਿਬਜ਼ਾਦਾ ਅਜੀਤ ਸਿੰਘ ਜੀ ਫੁਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ, ਮੋਹਾਲੀ ਵਿਖੇ ਕਰਵਾਈ ਗਈ ਤੇ ਸਭਿਆਚਾਰਕ ਪ੍ਰੋਗਰਾਮ ਤਹਿਤ ਵੱਖੋ-ਵੱਖ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਦਿੱਤਾ।

ਇਸ ਮੌਕੇ ਡੀ.ਆਈ.ਜੀ. ਰੂਪਨਗਰ ਰੇਂਜ ਨੀਲਾਂਬਰੀ ਜਗਦਲੇ ਆਈ.ਪੀ.ਐਸ. ਨੇ
ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਨੌਜਵਾਨਾਂ ਅੰਦਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਹੋਰ ਜਾਗਰੂਕਤਾ ਪੈਦਾ ਹੋਵੇਗੀ ਅਤੇ ਸਾਡਾ ਸਮਾਜ ਨਸ਼ਾ ਮੁਕਤ ਸਮਾਜ ਬਣੇਗਾ।

ਡੀ.ਆਈ.ਜੀ. ਨੀਲਾਂਬਰੀ ਜਗਦਲੇ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਸਾਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਸੂਬੇ ਦਾ ਭਵਿੱਖ ਹੋਰ ਰੌਸ਼ਨ ਹੋ ਸਕੇ। ਉਹਨਾਂ ਕਿਹਾ ਕਿ ਖੇਡਾਂ ਨਾਲ ਜੋੜ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਇਸੇ ਤਹਿਤ ਇਹ ਫੁਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਰੀਬ 100 ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡਾ ਟੀਚਾ ਹੈ ਕਿ 100 ਟੀਮਾਂ ਹੋਰ ਇਸ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਕਰਨ।

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਨੌਜਵਾਨ ਪੀੜ੍ਹੀ ਅੰਦਰ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਪੁਲਿਸ ਪੂਰੀ ਗੰਭੀਰਤਾ ਨਾਲ ਨਸ਼ਿਆਂ ਦਾ ਖਾਤਮਾ ਕਰਨ ਲਈ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ ਅਤੇ ਪੁਲਿਸ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾ ਰਹੀ ਹੈ। ਇਸੇ ਤਹਿਤ ਇਹ ਫੁਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ।

ਡਾ. ਗਰਗ ਨੇ ਕਿਹਾ ਕਿ ਜੇਤੂ ਖਿਡਾਰੀਆਂ ਦਾ ਖੇਡ ਵਿਭਾਗ ਦੇ ਨਾਲ ਰਾਬਤਾ ਕਰਵਾ ਕੇ ਉਹਨਾਂ ਨੂੰ ਪੇਸ਼ੇਵਰ ਖਿਡਾਰੀ ਬਨਾਉਣ ਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਸੂਚਨਾ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਖ਼ਤ ਕਾਰਵਾਈ ਕਰ ਕੇ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਸ਼੍ਰੀ ਗਰਗ ਨੇ ਕਿਹਾ ਕਿ ਕਿਸੇ ਵੀ ਬੁਰਾਈ ਦਾ ਖਾਤਮਾ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਇਸ ਲਈ ਪੁਲਿਸ ਵੱਲੋਂ  ਨਾਗਰਿਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਸਾਰੇ ਸਹਿਯੋਗ ਦੇਣ। ਇਸ ਮੌਕੇ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਐਸ ਪੀ (ਸਥਾਨਕ) ਤੁਸ਼ਾਰ ਗੁਪਤਾ, ਐਸ ਪੀ (ਸਿਟੀ) ਹਰਵੀਰ ਸਿੰਘ ਅਟਵਾਲ ਅਤੇ ਡੀ ਐਸ ਪੀ ਸਿਟੀ ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ।

ਇਸ ਮੌਕੇ ਉੱਘੇ ਪੰਜਾਬੀ ਗਾਇਕ ਗੁਰਕਿਰਪਾਲ ਸੂਰਾਪੁਰੀ ਸਮੇਤ ਵੱਖੋ-ਵੱਖ ਕਲਾਕਾਰਾਂ ਨੇ ਜਿੱਥੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ, ਉੱਥੇ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਵੀ ਦਿੱਤਾ।

ਇਸ ਮੌਕੇ ਹਾਜ਼ਰੀਨ ਨੂੰ “ਨਸ਼ਾ ਮੁਕਤ ਪੰਜਾਬ” ਸਲੋਗਨ ਵਾਲੀਆਂ ਟੀ ਸ਼ਰਟਾਂ ਵੀ ਦਿੱਤੀਆਂ ਗਈਆਂ। ਪਹਿਲਾ ਮੈਚ ਮੋਹਾਲੀ ਤੇ ਕੁਰਾਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਤੇ ਦੂਜਾ ਦੋਸਤਾਨਾ ਮੁਕਾਬਲਾ ਮੋਹਾਲੀ ਪੁਲੀਸ ਅਤੇ ਮੀਡੀਆ ਕਰਮੀਆਂ ਦੀ ਟੀਮ ਵਿਚਕਾਰ ਖੇਡਿਆ ਗਿਆ।

ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਵੱਡੀ ਗਿਣਤੀ ਨੌਜਵਾਨ ਤੇ ਸ਼ਹਿਰ ਵਾਸੀ ਹਾਜ਼ਰ ਸਨ।

[wpadcenter_ad id='4448' align='none']