ਕੋਟਕਪੂਰਾ 29 ਅਪ੍ਰੈਲ,2024 ( )- ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲਾ ਚੋਣ ਅਫ਼ਸਰ ਫ਼ਰੀਦਕੋਟ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਸਰਪ੍ਰਸਤੀ ਅਤੇ ਐਸ.ਡੀ.ਐਮ.ਕੋਟਕਪੂਰਾ ਵੀਰਪਾਲ ਕੌਰ ਦੀ ਯੋਗ ਅਗਵਾਈ ਹੇਠ ਇੱਕ ਵਿਸ਼ੇਸ਼ ਸਮਾਗਮ ਸਰਕਾਰੀ ਹਾਈ ਸਕੂਲ ਦੇਵੀਵਾਲਾ ਵਿਖੇ ਕੀਤਾ ਗਿਆ।
ਸਕੂਲ ਦੇ ਮੁੱਖ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਿਰੰਤਰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਗੱਲ ਲਈ ਵੀ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕਰਨ।
ਉਨ੍ਹਾਂ ਦੱਸਿਆ ਸਕੂਲ ਦੇ ਮਿਸ ਅਮਨਦੀਪ ਕੌਰ, ਨਵਨੀਤ ਕੌਰ, ਮੋਨਿਕਾ ਸ਼ਰਮਾ, ਸ਼੍ਰੀਮਤੀ ਨੇਹਾ, ਸ਼੍ਰੀਮਤੀ ਮਮਤਾ, ਗੁਰਿੰਦਰ ਕੌਰ ਅਧਿਆਪਕਾਂ ਵੱਲੋਂ ਸਵੀਪ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪੇਸ਼ ਕਰਦਿਆਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਵੋਟ ਦੀ ਮਹੱਤਤਾ, ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਡਰ, ਭੈ, ਲਾਲਚ ਕਰਨ ਵਾਸਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਸਕੂਲ ਦੇ ਵਿਦਿਆਰਥੀਆਂ ਵਲੋਂ ਵੋਟ ਦੀ ਮਹੱਤਤਾ ਸਬੰਧੀ ਚਾਰਟ ਤਿਆਰ ਕੀਤੇ ਗਏ।
ਨੋਡਲ ਅਫ਼ਸਰ ਕੋਟਕਪੂਰਾ ਪ੍ਰੋ.ਜਰਨੈਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਵਰਗ ਅੰਦਰ ਜਾਗਰੂਕਤਾ ਪੈਦਾ ਕਰਨ ਵਾਸਤੇ ਨਿਰੰਤਰ ਪੋਸਟਰ, ਸਲੋਗਨ, ਗੀਤ, ਕਵਿਤਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਵੋਟ ਪ੍ਰਣ ਵੀ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਬ੍ਰਿਜ ਮੋਹਨ ਸਿੰਘ ਬੇਦੀ, ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉੱਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਵੀਪ ਤਹਿਤ ਨਿਰੰਤਰ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਚੋਣਾਂ ਦਾ ਪਰਵ-ਦੇਸ਼ ਦਾ ਗਰਵ, ਅਬ ਦੀ ਬਾਰ ਵੋਟਿੰਗ 70 ਪ੍ਰਤੀਸ਼ਤ ਪਾਰ, ਸੀ-ਵਿਜ਼ਿਲ ਐਪ, ਥਰਡ ਜੈਂਡਰ, 85ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਘਰ ਬੈਠੇ ਵੋਟ ਪਾਉਣ ਦੇ ਮਿਲੇ ਅਧਿਕਾਰ, ਪੋਲਿੰਗ ਬੂਥਾਂ ਤੇ ਜ਼ਿਲੇ ਅੰਦਰ ਮਾਨਯੋਗ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦੇ ਕੇ ਹਰ ਵਰਗ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਯਕੀਨੀ ਰੂਪ ’ਚ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ।
ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ ਫ਼ਰੀਦਕੋਟ-ਕਮ-ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਸਕੂਲਾਂ ਅੰਦਰ ਮਹਿੰਦੀ ਲਗਾਉਣ, ਸਾਈਕਲ ਰੈਲੀਆਂ ਰਾਹੀਂ, ਕੁਇਜ਼, ਭਾਸ਼ਣ, ਪੇਪਰ ਰੀਡਿੰਗ, ਐਕਸ਼ਨ, ਲੋਕ ਨਾਚ ਗਿੱਧੇ ਰਾਹੀਂ ਵੋਟਰ ਜਾਗਰੂਕਤਾ ਦਾ ਸੰਦੇਸ਼ ਘਰ-ਘਰ ਪੁੱਜਦਾ ਕੀਤਾ ਜਾ ਰਿਹਾ ਹੈ।