ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਵੱਲੋਂ ਸਾਂਝੇ ਤੌਰ ’ਤੇ ਖਰੜ ਹਲਕੇ ਦੇ ਪੋਲਿੰਗ ਬੂਥਾਂ ਦਾ ਦੌਰਾ

ਖਰੜ (ਐਸ.ਏ.ਐਸ. ਨਗਰ), 31 ਮਈ, 2024:
ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਭਲਕੇ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਣ ਵਾਲੇ ਮਤਦਾਨ ਦੀਆਂ ਤਿਆਰੀਆਂ ਜਾਇਜ਼ਾ ਲੈਣ ਲਈ ਲੋਕ ਸਭਾ ਚੋਣਾਂ-2024 ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਭੈਅ ਰਹਿਤ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਨੇ ਸਾਂਝੇ ਤੌਰ ’ਤੇ ਵੱਖ-ਵੱਖ ਸ਼੍ਰੇਣੀਆਂ ਅਧੀਨ ਚੁਣੇ ਗਏ ਪੋਲਿੰਗ ਬੂਥਾਂ ਦਾ ਦੌਰਾ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਪੋਲਿੰਗ ਪਾਰਟੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਾਂ ਨਹੀਂ, ਦੀ ਜਾਂਚ ਕਰਨਾ ਸੀ। ਉਨ੍ਹਾਂ ਕਿਹਾ ਕਿ ਹਰ ਬੂਥ ’ਤੇ ਸ਼ੈੱਡ/ਟੈਂਟ, ਪਖਾਨੇ, ਵ੍ਹਹੀਲਚੇਅਰ ਆਦਿ ਤੋਂ ਇਲਾਵਾ ਚੋਣ ਅਮਲੇ ਦੀ ਰਿਹਾਇਸ਼, ਭੋਜਨ, ਪੱਖੇ/ਕੂਲਰ ਦੀ ਉਪਲਬਧਤਾ ਅਤੇ ਮਿੱਠੇ ਅਤੇ ਠੰਡੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਸਾਡੇ ਫਰਜ਼ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੂਥਾਂ ਦਾ ਦੌਰਾ ਕੀਤਾ ਗਿਆ ਉਨ੍ਹਾਂ ਵਿੱਚ ਸ਼ਿੰਗਾਰੀਵਾਲਾ, ਨਾਡਾ, ਮੁੱਲਾਂਪੁਰ ਗਰੀਬਦਾਸ, ਸਿਸਵਾਂ ਅਤੇ ਕੁਰਾਲੀ ਸ਼ਾਮਲ ਹਨ ਅਤੇ ਸਾਰੇ ਪ੍ਰਬੰਧ ਪੁਖਤਾ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰ ਸੈਕਟਰ ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ ਬੂਥਾਂ ’ਤੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਹੇ ਹਨ।
ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੋਲਿੰਗ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੀ ਡਿਊਟੀ ਸਭ ਤੋਂ ਵੱਧ ਚੁਣੌਤੀਪੂਰਨ ਡਿਊਟੀ ਹੁੰਦੀ ਹੈ ਜੋ ਬੂਥ ਸਥਾਪਤ ਕਰਨ, ਮੌਕ ਪੋਲ ਅਤੇ ਅਸਲ ਪੋਲ ਸ਼ੁਰੂ ਹੋਣ ਤੋਂ ਲੈ ਕੇ ਪੋਲ ਖ਼ਤਮ ਹੋਣ ਤੱਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਅਸੀਂ ਇਸ ਲੋਕਤੰਤਰ ਦੇ ਮਾਣਮੱਤੇ ਵੋਟਰ ਹਾਂ ਅਤੇ ਵੋਟਰ ਇਸ ਦੇ ਦੂਤ ਹਨ। ਇਸ ਲਈ, ਲੋਕਤੰਤਰ ਪ੍ਰਤੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਇਕੱਠੇ ਹੋ ਕੇ ਵੋਟ ਦੇ ਤਿਉਹਾਰ ਦਾ ਹਿੱਸਾ ਬਣੀਏ।
ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵੋਟਰਾਂ ਵਿੱਚ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਵਿਸ਼ਵਾਸ਼ ਪੈਦਾ ਕਰਨ ਲਈ ਵਚਨਬੱਧ ਹੈ। ਇਸ ਦੇ ਲਈ ਜ਼ਿਲ੍ਹੇ ਅਤੇ ਅੰਤਰਰਾਜੀ ਸਰਹੱਦਾਂ ’ਤੇ 60 ਦੇ ਕਰੀਬ ਪੁਲਿਸ ਨਾਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਤੰਤਰ ਅਤੇ ਨਿਰਪੱਖ ਮਤਦਾਨ ਵਿੱਚ ਰੁਕਾਵਟ ਪੈਦਾ ਕਰਨ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਦੇ ਨਾਲ-ਨਾਲ ਸੂਬਾਈ ਹਥਿਆਰਬੰਦ ਪੁਲਿਸ ਅਤੇ ਪੈਰਾ ਮਿਲਟਰੀ ਪੁਲਿਸ ਹਮੇਸ਼ਾ ਚੌਕਸ ਰਹੇਗੀ।
ਇਸ ਮੌਕੇ ਏਡੀਸੀ (ਯੂ ਡੀ) ਦਮਨਜੀਤ ਸਿੰਘ, ਐਸਪੀ (ਆਈ) ਜੋਤੀ ਯਾਦਵ, ਏਆਰਓ-ਕਮ-ਐਸਡੀਐਮ ਖਰੜ ਗੁਰਮੰਦਰ ਸਿੰਘ ਵੀ ਹਾਜ਼ਰ ਸਨ।

[wpadcenter_ad id='4448' align='none']