ਡਿਪਟੀ ਕਮਿਸ਼ਨਰ ਤੇ ਆਮ ਲੋਕਾਂ ਨੇ ਪਤੰਗਬਾਜ਼ੀ ਮੁਕਾਬਲਿਆਂ ਦਾ ਮਾਣਿਆ ਆਨੰਦ, ਜੇਤੂਆਂ ਨੂੰ ਦਿੱਤੀ ਵਧਾਈ

ਫਿਰੋਜ਼ਪੁਰ 5 ਫਰਵਰੀ 2024

            ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਵੱਲੋਂ ਕਰਵਾਈ ਗਈ!  ਜਿੱਥੇ ਡਿਪਟੀ ਕਮਿਸ਼ਨਰ ਤੇ ਆਮ ਲੋਕਾਂ ਵੱਲੋਂ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦਾ ਆਨੰਦ ਮਾਣਿਆ ਗਿਆ ਉੱਥੇ ਹੀ ਪਤੰਗਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਖਾਸ ਕਰ ਜੇਤੂਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ!

            ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਵਾਇਤੀ ਅਤੇ ਵਿਰਾਸਤੀ ਮੇਲਿਆਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਤੇ ਨੌਜਵਾਨਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਇਸ ਮੇਲੇ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੇ ਇਹ ਨਾਕ ਆਊਟ ਮੁਕਾਬਲੇ ਵਾਤਾਵਰਨ ਦੀ ਸੰਭਾਲ, ਨਾਰੀ ਸ਼ਕਤੀ, ਵੋਟਾਂ ਪ੍ਰਤੀ ਜਾਗਰੂਕਤਾ ਅਤੇ ਦਵਿਆਂਗਜਨਾ ਨੂੰ ਸਮਰਪਿਤ ਹਨ! ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ 3 ਹਜ਼ਾਰ ਰਜਿਸਟਰੇਸ਼ਨ ਹੋਈ ਹੈ!

             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਆਕਰਸ਼ਿਤ ਮੁਕਾਬਲਾ ‘ਸਭ ਤੋਂ ਵੱਡਾ ਪਤੰਗਬਾਜ’ ਮੁਕਾਬਲਾ ਹੋਵੇਗਾ ਅਤੇ ਇਹ 11 ਫਰਵਰੀ ਨੂੰ ਹੋਵੇਗਾ ਇਸ ਮੁਕਾਬਲੇ ਦੇ ਜੇਤੂਆਂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ! ਉਹਨਾਂ ਦੱਸਿਆ ਕਿ ਇਨਾਮ ਵੰਡ ਸਮਾਰੋਹ ਵੀ 11 ਫਰਵਰੀ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਥੇ ਵਿਦੇਸ਼ੀ ਲੋਕ ਇਨ੍ਹਾਂ ਪਤੰਗਬਾਜ਼ੀ ਮੁਕਾਬਲਿਆਂ ਦੌਰਾਨ ਵੱਖ-ਵੱਖ ਭਾਂਤ  ਦੇ ਪਤੰਗਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ਉੱਥੇ ਹੀ ਦਵਿਆਂਗਜਨਾਂ ਦਾ ਵੀ ਇੱਕ ਵੱਖਰਾ ਮੁਕਾਬਲਾ ਹੋਵੇਗਾ।

            ਗ੍ਰੀਸ ਦੇਸ਼ ਤੋਂ ਨੌਜਵਾਨ ਕੋਸਤਾ ਜੋ ਕਿ ਪਤੰਗਬਾਜ਼ੀ ਚੈਂਪੀਅਨਸ਼ਿਪ 2023 ਦਾ ਵਿਜੇਤਾ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਵੱਖ ਵੱਖ ਤਰ੍ਹਾਂ ਦੇ ਪਤੰਗ ਉਡਾਉਂਦਾ ਹੈ ਤੇ ਖੁਦ ਹੀ ਪਤੰਗ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਰੋਜਾਨਾ ਵੱਖ-ਵੱਖ ਤਰ੍ਹਾਂ ਦੇ ਪਤੰਗ ਉਡਾ ਕੇ ਸਮੂਹ ਹਾਜ਼ਰੀਨ ਦਾ ਮਨੋਰੰਜਨ ਕਰੇਗਾ। ਉਨ੍ਹਾਂ ਰਾਜ ਵਾਸੀਆਂ ਨੂੰ ਇਨ੍ਹਾਂ ਪਤੰਗਬਾਜ਼ੀ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਦੋ ਰੋਜ਼ਾ ਰਾਜ ਪੱਧਰੀ ਸਮਾਗਮ ਦਾ ਆਨੰਦ ਮਾਨਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਿੱਥੇ ਲੋਕ ਗਾਇਕ ਅੰਮ੍ਰਿਤ ਮਾਨ ਅਤੇ ਜਗਜੀਤ ਜੀਤੀ ਆਦਿ ਕਲਾਕਾਰ ਲੋਕਾਂ ਦਾ ਗੀਤਾਂ ਰਾਹੀਂ ਮਨੋਰੰਜਨ ਕਰਨਗੇ ਉੱਥੇ ਹੀ ਖਾਣ-ਪੀਣ ਦੇ ਸਟਾਲ ਵੀ ਖਿੱਚ ਦਾ ਕੇਂਦਰ ਹੋਣਗੇ।

          ਉਨ੍ਹਾਂ ਦੱਸਿਆ ਕਿ ਇਨ੍ਹਾਂ ਪਤੰਗਬਾਜ਼ੀ ਮੁਕਾਬਲਿਆਂ ਦੌਰਾਨ ਚਾਈਨਾ ਚੋਰ ਦੀ ਵਰਤੋਂ ਦੀ ਮਨਾਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ  ਇਸ ਸਾਲ ਪਤੰਗਬਾਜ਼ੀ ਦਾ ਤਿਉਹਾਰ ਵੀ ਚਾਈਨਾ ਡੋਰ ਮੁਕਤ ਹੀ ਮਨਾਉਣ ਕਿਉਂਕਿ ਚਾਈਨਾ ਡੋਰ ਪਸ਼ੂ, ਪੰਛੀ ਤੇ ਮਨੁੱਖਾਂ ਲਈ ਘਾਤਕ ਸਿੱਧ ਹੁੰਦੀ ਹੈ ਤੇ ਅਨੇਕਾਂ ਦੁਰਘਟਨਾਵਾਂ ਵੀ ਵਾਪਰਦੀਆਂ ਹਨ ਇਸ ਲਈ ਜ਼ਿਲ੍ਹਾ ਵਾਸੀ ਇਸ ਸਾਲ ਚਾਈਨਾ ਡੋਰ ਦੀ ਵਰਤੋਂ ਨਾ ਕਰਨ।

             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ, ਰਜਿਸਟਰਾਰ ਡਾ ਗ਼ਜ਼ਲਪ੍ਰੀਤ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਡਿਪਟੀ ਡੀ.ਈ.ਓ ਪ੍ਰਗਟ ਸਿੰਘ ਬਰਾੜ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਇੰਡੀਅਨ ਕਾਈਟ ਟੀਮ ਤੋਂ ਵਰੁਣ ਚੱਡਾ ਤੋਂ ਇਲਾਵਾ ਵੱਖ ਵੱਖ ਐਨ.ਜੀ.ਓਜ ਦੇ ਨੁਮਾਇੰਦੇ ਹਾਜ਼ਰ ਸਨ।

[wpadcenter_ad id='4448' align='none']