ਲੋਕਸਭਾ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ

ਫਿਰੋਜ਼ਪੁਰ 30 ਅਪ੍ਰੈਲ (    ) ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਲੋਕਸਭਾ ਚੋਣਾਂ 2024 ਦੇ ਮੱਧੇਨਜ਼ਰ ਤਾਇਨਾਤ ਕੀਤੇ ਸਮੂਹ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਪੋ-ਆਪਣੇ ਨਾਲ ਸਬੰਧਿਤ ਚੋਣਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਦੇ ਮੁਕੰਮਲ ਕਰਨ ਲਈ ਹਦਾਇਤ ਕੀਤੀ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਸਭਾ ਚੋਣਾਂ ਲਈ ਸਟਰਾਂਗ ਰੂਮਾਂ ਨੂੰ ਤਿਆਰ ਕਰਨ, ਸੁਰੱਖਿਆ ਲਈ ਪੁਲਿਸ ਵਿਭਾਗ ਨਾਲ ਤਾਲਮੇਲ ਕਰਨ, ਈਵੀਐਮ ਮਸ਼ੀਨਾਂ ਸਬੰਧੀ ਪੋਲਿੰਗ ਸਟਾਫ ਨੂੰ ਮੁਕੰਮਲ ਟਰੇਨਿੰਗ ਦੇਣ ਆਦਿ ਸਬੰਧੀ ਸਾਰੀਆਂ ਤਿਆਰੀਆਂ ਹੁਣ ਤੋਂ ਹੀ ਕਰ ਲਈਆਂ ਜਾਣ ਅਤੇ ਏ.ਆਰ.ਓ ਪੱਧਰ ਤੇ ਦਫਤਰ ਵਿੱਚ ਵੀ ਟਰੇਨਿੰਗ ਰੂਮ/ਸੈਂਟਰ ਬਣਾ ਲਏ ਜਾਣ ਤਾਂ ਜੋ ਪੋਲਿੰਗ ਦੀ ਤਿਆਰੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਮਾਡਲ ਅਤੇ ਪਿੰਕ ਪੋਲਿੰਗ ਬੂਥ ਬਣਾਉਣ, ਪੋਲਿੰਗ ਬੂਥਾਂ ਤੇ ਪੀ.ਡਬਲਯੂ.ਡੀ ਵੋਟਰਾਂ ਦੀ ਵੋਟ ਲਈ ਸੇਵਾਵਾਂ ਮੁਹੱਈਆ ਕਰਵਾਉਣ, ਪੋਲਿੰਗ ਬੂਥਾਂ ਤੇ ਬਿਜਲੀ, ਪਾਣੀ, ਸੁਰੱਖਿਆ, ਸੀਸੀਟੀਵੀ ਕੈਮਰੇ ਆਦਿ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ।ਉਨ੍ਹਾਂ ਗਰਮੀ ਨੂੰ ਵੇਖਦਿਆਂ ਸਮੂਹ ਪੋਲਿੰਗ ਬੂਥਾਂ ਤੇ ਪੀਣ ਵਾਲੇ ਠੰਡੇ ਪਾਣੀ, ਛਾਂ, ਬਿਜਲੀ ਆਦਿ ਦੇ ਢੁੱਕਵੇਂ ਪ੍ਰਬੰਧਾਂ ਦੇ ਵੀ ਨਿਰਦੇਸ਼ ਦਿੱਤੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਸਬੰਧੀ ਜੇਕਰ ਕੋਈ ਵੀ ਵਿਅਕਤੀ ਕੋਈ ਸ਼ਿਕਾਇਤ ਦਰਜ ਕਰਨੀ ਚਾਹੁੰਦਾ ਹੈ ਤਾਂ ਉਹ ਸੀਵਿਜਿਲ ਐਪ ਦੀ ਵਰਤੋਂ ਕਰ ਸਕਦਾ ਹੈ। ਚੋਣਾ ਸਬੰਧੀ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੀਵਿਜਿਲ ਐਪ ਤੇ ਨਿਘਰਾਨੀ ਰੱਖਣ ਲਈ ਲਗਾਈ ਗਈ ਟੀਮ ਨੂੰ ਪੂਰੀ ਤਰ੍ਹਾਂ ਚੋਕਸ ਹੋ ਕੇ ਰਹਿਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਨੋਡਲ ਅਫਸਰ ਤੇ ਹੋਰ ਅਧਿਕਾਰੀ/ਕਰਮਚਾਰੀ ਚੋਣਾਂ ਦੇ ਕੰਮਾਂ ਲਈ ਆਪਸੀ ਤਾਲਮੇਲ ਜ਼ਰੂਰ ਬਣਾ ਕੇ ਰੱਖਣ ਅਤੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਇਸ ਕੰਮ ਨੂੰ ਕਰਨ ਤਾਂ ਜੋ ਚੋਣਾਂ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।ਉਨ੍ਹਾਂ ਕਿਹਾ ਕਿ ਚੋਣਾਂ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਵੀ ਚੋਣਾਂ ਦੇ ਕੰਮ ਵਿੱਚ ਅਣਗਹਿਲੀ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿੱਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾਂ, ਐਸਡੀਐਮ ਫਿਰੋਜ਼ਪੁਰ ਡਾ. ਚਾਰੂਮਿਤਾ, ਐਸਡੀਐਮ ਗੁਰੂਹਰਸਹਾਏ ਸ. ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਐਸ.ਪੀ (ਐਚ) ਸ੍ਰੀ ਜੁਗਰਾਜ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ ਸਮੇਤ ਸਮੂਹ ਨੋਡਲ ਅਫਸਰ ਹਾਜ਼ਰ ਸਨ।

[wpadcenter_ad id='4448' align='none']