ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫ਼ਿਰੋਜ਼ਪੁਰ, 11 ਜੁਲਾਈ 2024.

          ਜ਼ਿਲ੍ਹੇ ਨੂੰ ਹਰਿਆ-ਭਰਿਆ, ਸੁੰਦਰ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਵੱਖ-ਵੱਖ ਵਿਭਾਗਾਂ, ਪੰਚਾਇਤਾਂ ਅਧੀਨ ਆਉਂਦੀਆਂ ਜ਼ਮੀਨਾਂ, ਸਕੂਲਾਂ, ਦਰਿਆ/ਨਹਿਰਾਂ ਦੇ ਕਿਨਾਰਿਆਂ, ਭਾਰਤੀ ਫੌਜ, ਬੀ.ਐਸ.ਐਫ ਆਦਿ ਦੀਆਂ ਜ਼ਮੀਨਾਂ ’ਤੇ 6.5 ਲੱਖ ਪੌਦੇ ਲਗਾਏ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਮੌਕੇ ਕੀਤਾ।

            ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਸ ਵਾਰ 15 ਸਰਕਾਰੀ ਸਕੂਲਾਂ ਵਿੱਚ ਮਿਆਂਵਾਕੀ ਤਕਨੀਕ ਨਾਲ ਮਿੰਨੀ ਜੰਗਲ ਲਗਾਏ ਜਾਣਗੇ, ਇਸ ਤੋਂ ਇਲਾਵਾ 65 ਏਕੜ ਪੰਚਾਇਤੀ ਜ਼ਮੀਨਾਂ (6 ਬਲਾਕਾਂ) ਵਿਚ ਵੀ ਬੂਅ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਿਆਂਵਾਕੀ ਤਕਨੀਕ ਰਾਹੀਂ ਜੰਗਲ ਲੱਗਣ ਨਾਲ ਵਾਤਾਵਰਣ ਦੀ ਸ਼ੁੱਧਤਾ ਵਿੱਚ ਕਾਫੀ ਸੁਧਾਰ ਆਵੇਗਾ ਅਤੇ ਇਸ ਤਕਨੀਕ ਰਾਹੀਂ ਘੱਟ ਜਗ੍ਹਾ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਂਦੇ ਹਨ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ  ਜ਼ਿਲ੍ਹੇ ਦੀਆਂ ਸਿੱਖਿਆਂ ਸੰਸਥਾਵਾਂ ਵਿੱਚ 1 ਲੱਖ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ 1 ਪੌਦਾ ਲਗਾਏ ਅਤੇ ਉਸ ਦੀ ਸਾਂਭ-ਸੰਭਾਲ ਕਰੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੌਦੇ ਲਗਾਉਣ ਲਈ ਟੋਏ ਪੁੱਟਣ ਵਾਸਤੇ ਮਗਨਰੇਗਾ ਮਜ਼ਦੂਰਾਂ ਨੂੰ ਲਗਾਇਆ ਜਾਵੇਗਾ।  ਉਨ੍ਹਾਂ ਕਿਹਾ ਕਿ ਭਾਰਤੀ ਫੌਜ, ਬੀ.ਐਸ.ਐਫ. ਅਤੇ ਹੋਰ ਸੁਰੱਖਿਆ ਬਲਾਂ ਦੀਆਂ ਜ਼ਮੀਨਾਂ ਤੇ ਵੀ ਢੁੱਕਵੇਂ ਢੰਗ ਨਾਲ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿੱਚ ਸਮੇਤ ਟ੍ਰੀਗਾਰਡ 300 ਤੋਂ ਵਧੇਰੇ ਰਵਾਇਤੀ ਪੌਦੇ ਲਗਾਏ ਜਾਣਗੇ।

            ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਕਿਉਂਕਿ ਇਹ ਸਮਾਂ ਪੌਦਿਆਂ ਲਈ ਅਨੁਕੂਲ ਹੁੰਦਾ ਹੈ, ਮਿੱਟੀ ਵੀ ਨਰਮ ਹੁੰਦੀ ਹੈ ਅਤੇ ਬਾਰਿਸ਼ ਨਾਲ ਬੂਟਿਆਂ ਨੂੰ ਪਾਣੀ ਮਿਲਦਾ ਰਹਿੰਦਾ ਹੈ। ਇਸ ਸਮੇਂ ਬੂਟੇ ਦੇ ਚੰਗੀ ਤਰ੍ਹਾਂ ਵੱਧਣ ਫੁੱਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਖਾਲ਼ੀ ਪਈ ਜ਼ਮੀਨ ’ਤੇ ਪਿੱਪਲ, ਬੋਹੜ, ਨਿੰਮ, ਪਿਲਕਨ, ਕਿੱਕਰ, ਤੂਤ, ਟਾਹਲੀ ਵਰਗੇ ਰਿਵਾਇਤੀ ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਸਮੇਂ-ਸਮੇਂ ਉੱਤੇ ਧਿਆਨ ਵੀ ਰੱਖਣ ਤਾਂ ਜੋ ਪੌਦੇ ਦੀ ਸਹੀ ਦੇਖਭਾਲ ਹੁੰਦੀ ਰਹੇ।

            ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਨਰੇਸ਼ ਮਹਾਜਨ ਕੰਜਰਵੇਟਰ ਫਿਰੋਜ਼ਪੁਰ ਸਰਕਲ ਨੇ ਦੱਸਿਆ ਕਿ ਫਿਰੋਜ਼ਪੁਰ ਸਰਕਲ ਵਿੱਚ 12 ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਇਹ ਪੌਦੇ ਵਣ ਵਿਭਾਗ ਵੱਲੋਂ ਉਪਲੱਬਧ ਕਰਵਾਏ ਜਾਣਗੇ ਅਤੇ ਸਾਂਭ-ਸੰਭਾਲ ਸਬੰਧੀ ਤਕਨੀਕੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ, ਪੰਚਾਇਤਾਂ, ਐਨ.ਜੀ.ਓ. ਆਦਿ ਨੂੰ ਇਹ ਪੌਦੇ ਸਰਕਾਰੀ ਨਰਸਰੀਆਂ ਤੋਂ ਬਿਲਕੁਲ ਮੁਫ਼ਤ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਫ਼ਤ ਪੌਦੇ ਪ੍ਰਾਪਤ ਕਰਨ ਲਈ ਰੇਂਜ ਅਫ਼ਸਰ ਸ੍ਰੀ ਅਰੁਣ ਕੁਮਾਰ 88475-35365 ਨਾਲ ਰਾਬਤਾ ਕਾਇਮ ਕੀਤਾ ਜਾਵੇ।

            ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਅਰੁਣ ਸ਼ਰਮਾ, ਸਹਾਇਕ ਕਮਿਸ਼ਨਰ(ਜ) ਸੂਰਜ, ਡੀ.ਆਰ.ਓ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਭਾਰਤੀ ਫੌਜ, ਬੀ.ਐਸ.ਐਫ. ਦੇ ਅਧਿਕਾਰੀਆਂ  ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']