ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ 19 ਹਜ਼ਾਰ 500 ਰੁਪਏ ਦੇ ਚੈੱਕ ਸੌਂਪ ਕੇ ਕੀਤਾ ਸਨਮਾਨਿਤ

ਮਾਨਸਾ, 28 ਅਗਸਤ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਪਿੰਡ ਖੈਰਾ ਖੁਰਦ, ਸਰਦੂਲਗੜ੍ਹ ਵਿਖੇ ਨਵੀਂ ਬਣੀ ਯੂਥ ਲਾਇਬ੍ਰੇਰੀ ਵਿਖੇ ਆਯੋਜਿਤ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ 19,500 ਰੁਪਏ ਦੇ ਚੈੱਕ ਸੌਂਪ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਖੈਰਾ ਖੁਰਦ ਦੀ ਯੂਥ ਲਾਇਬ੍ਰੇਰੀ ਵਿਖੇ ਓਪਨ ਕੈਟਾਗਿਰੀ, ਅੰਡਰ-15 ਅਤੇ ਅੰਡਰ-11 ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ ਸਨ। ਇੰਨ੍ਹਾਂ ਮੁਕਾਬਲਿਆਂ ਵਿਚ ਜਿੰਨ੍ਹਾਂ ਬੱਚਿਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਾਮੀ ਰਾਸ਼ੀ ਦੇ ਚੈੱਕ ਸੌਂਪੇ ਕੇ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਇਸ ਚੈਸ ਮੁਕਾਬਲਿਆਂ ਵਿਚ ਤਿੰਨ ਵਰਗਾਂ ’ਚ ਲੜਕੀਆਂ ਸਮੇਤ 37 ਭਾਗੀਦਾਰਾਂ ਨੇ ਹਿੱਸਾ ਲਿਆ। ਉਨ੍ਹਾਂ ਸਾਰੇ ਜੇਤੂ ਬੱਚਿਆਂ ਅਤੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਖੇਡਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਅੰਦਰ ਚੈਸ ਮੁਕਾਬਲਿਆਂ ਦੀ ਪਹਿਲਕਦਮੀ ਦਾ ਉਦੇਸ਼ ਸ਼ਤਰੰਜ ਨੂੰ ਮਨ ਦੀ ਖੇਡ ਵਜ਼ੋਂ ਉਤਸ਼ਾਹਿਤ ਕਰਨਾ, ਨੌਜਵਾਨਾਂ ਵਿਚ ਆਲੋਚਨਾਤਮਕ ਸੋਚ, ਸਮੱਸਿਆ ਹੱਲ ਕਰਨ ਅਤੇ ਵਿਸ਼ਲੇਸ਼ਣਾਤਮਕ ਹੁਨਰ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਦਿਆਂ ਬੱਚਿਆਂ ਅਤੇ ਨੌਜਵਾਨਾਂ ਵਿਚ ਪ੍ਰਤਿਭਾ ਨਿਖ਼ਾਰ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ।

[wpadcenter_ad id='4448' align='none']