ਮੋਗਾ, 16 ਫਰਵਰੀ – ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਿਨੇਮਾ, ਮਲਟੀਪਲੈਕਸ, ਹੋਟਲ, ਸਨਅਤ ਅਤੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ 25 ਫਰਵਰੀ ਤੱਕ ਆਫ਼ਤ ਪ੍ਰਬੰਧਨ ਪਲਾਨ ਤਿਆਰ ਕਰਕੇ ਸੌਂਪਣ ਦੀ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ ਡੀ ਐਮ ਏ) ਵੱਲੋਂ ਸ਼੍ਰੀ ਰਾਮ ਚੰਦਰ ਨੇ ਵੀ ਹਿੱਸਾ ਲਿਆ, ਜਿੰਨਾ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ ਡੀ ਐਮ ਏ) ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਉਂ ਜਿਉਂ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ, ਤਿਉਂ ਤਿਉਂ ਕੁਦਰਤ ਦਾ ਕਹਿਰ ਵੀ ਵੱਧ ਰਿਹਾ ਹੈ। ਅੱਜ ਕੁਦਰਤ ਵਲੋਂ ਪੈਦਾ ਕੀਤੀ ਜਾ ਰਹੀ ਆਪਾਤਕਾਲੀਨ ਸਥਿਤੀ ਦੇ ਨਾਲ ਨਾਲ ਮਨੁੱਖਾਂ ਵੱਲੋਂ ਵੀ ਕਈ ਵਾਰ ਅਜਿਹੀ ਸਥਿਤੀ ਬਣਾ ਦਿੱਤੀ ਜਾਂਦੀ ਹੈ ਜਿਸ ਨਾਲ ਕਈ ਬੇਸ਼ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਅਜਿਹੀ ਕਿਸੇ ਵੀ ਸਥਿਤੀ ਦਾ ਤਾਂ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਯੋਜਨਾਬੱਧ ਤਰੀਕੇ ਨਾਲ ਆਪਣੇ ਆਪ ਨੂੰ ਤਿਆਰ ਰੱਖੀਏ।
ਉਹਨਾਂ ਸਮੂਹ ਹਾਜ਼ਰੀਨ ਨੂੰ ਹਦਾਇਤ ਕੀਤੀ ਕਿ ਉਹ 25 ਫਰਵਰੀ ਤੱਕ ਆਫ਼ਤ ਪ੍ਰਬੰਧਨ ਪਲਾਨ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੌਂਪ ਦੇਣ ਤਾਂ ਜੋ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸਦੇ ਨਾਲ ਹੀ ਮੌਕ ਡਰਿੱਲ ਕਰਵਾਉਣ ਬਾਰੇ ਵੀ ਕਿਹਾ ਗਿਆ। ਉਹਨਾਂ ਸਪੱਸ਼ਟ ਕੀਤਾ ਕਿ ਆਫ਼ਤ ਪ੍ਰਬੰਧਨ ਪਲਾਨ ਤਿਆਰ ਵੇਲੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ ਡੀ ਐਮ ਏ) ਵੱਲੋਂ ਜਾਰੀ ਅਗਵਾਈ ਲੀਹਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਜੋ ਅਦਾਰਾ ਜਾਂ ਸੰਸਥਾ ਇਹ ਪਲਾਨ ਤਿਆਰ ਕਰਕੇ ਨਹੀਂ ਦੇਵੇਗਾ ਉਸ ਖ਼ਿਲਾਫ਼ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਸਿਨੇਮਾ, ਮਲਟੀਪਲੈਕਸ, ਹੋਟਲ, ਸਨਅਤ ਅਤੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ
Date: