ਗੁਲਾਬੀ ਸੁੰਡੀ ਦੇ ਹਮਲੇ ਹੋਣ ਦੇ ਬਾਵਜੂਦ ਕਣਕ ਦੀ ਵਧੇਰੇ ਪੈਦਾਵਾਰ ਮਿਲੀ

ਫਰੀਦਕੋਟ, 26 ਅਪ੍ਰੈਲ 2024

          ਕਿਸਾਨ ਅਵਤਾਰ ਸਿੰਘ ਆਮ ਕਰਕੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਵੱਖ-ਵੱਖ ਖੇਤੀ ਤਕਨੀਕਾਂ ਦੀ ਵਰਤੋਂ ਕਰਦੇ ਹਨ। ਜਿਲ੍ਹਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਸਦਕਾ 45 ਏਕੜ ਰਕਬੇ ਵਿੱਚ ਕਣਕ ਦੀ ਫਸਲ ਦੀ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਸੀ, ਜਿਸ ਵਿੱਚ ਫਸਲ ਦੇ ਮੁੱਢਲੇ ਵਾਧੇ ਸਮੇਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹੋ ਗਿਆ। ਪਰ ਹੁਣ ਕਟਾਈ ਉਪਰੰਤ ਸੁੰਡੀ ਨਾਲ ਪ੍ਰਭਾਵਤ ਕਣਕ ਦਾ ਝਾੜੀ ਬਾਕੀ ਫਸਲ ਨਾਲੋਂ ਵੱਧ ਨਿਕਲਿਆ।

          ਇਸ ਬਾਰੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ/ਖੇਤ ਵਿੱਚੋਂ ਬਾਹਰ ਕੱਢੇ ਬਗੈਰ ਹੀ ਕੀਤੀ ਸੀ। ਬਿਜਾਈ ਤੋਂ ਬਾਅਦ ਕਣਕ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਉਹਨਾਂ ਦੱਸਿਆ ਕਿ 2 ਏਕੜ ਰਕਬੇ ਵਿੱਚ ਪਾਣੀ ਨਾ ਲੱਗਣ ਕਾਰਨ ਸੁੰਡੀ ਦੇ ਹਮਲੇ ਕਾਰਨ ਕਣਕ ਕਾਫੀ ਵਿਰਲੀ ਹੋ ਗਈ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਕਾਸ ਅਫਸਰ ਡਾ. ਯਾਦਵਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਵੱਲੋਂ ਫਸਲ ਦੀ ਵਧੇਰੇ ਪੈਦਾਵਾਰ ਦਾ ਭਰੋਸਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਉਪਰੰਤ ਬਾਕੀ ਕਣਕ ਦੀ ਫਸਲ ਵਾਂਗ ਖਾਦਾਂ ਅਤੇ ਹੋਰ ਜਰੂਰਤ ਅਨੁਸਾਰ ਛੋਟੇ ਤੱਤਾਂ ਦੇ ਛਿੜਕਾਅ ਕੀਤੇ। ਕਣਕ ਦੀ ਫਸਲ ਨੇ ਫੁਟਾਰਾ ਵੀ ਵਧੀਆ ਕੀਤਾ ਅਤੇ ਕਣਕ ਦੀ ਫਸਲ ਦੀ ਵਾਢੀ ਤੋਂ ਕੁਝ ਦਿਨ ਪਹਿਲਾਂ ਵਿਭਾਗ ਵੱਲੋਂ ਪ੍ਰਭਾਵਿਤ ਹੋਏ ਖੇਤ ਦੇ ਫਸਲ ਕਟਾਈ ਤਰਜਬੇ ਵੀ ਕਰਵਾਏ ਗਏ। ਕਿਸਾਨ ਅਵਤਾਰ ਸਿੰਘ ਨੇ ਦੱਸਿਆ ਫਸਲ ਕਟਾਈ ਤਜਰਬੇ ਦੌਰਾਨ ਇੱਕ ਮਰਲੇ ਵਿੱਚੋਂ ਕਣਕ ਦੇ 14 ਕਿੱਲੋਂ ਦਾਣੇ ਨਿਕਲੇ। ਕਿਸਾਨ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਵਾਢੀ ਕਰਨ ਉਪਰੰਤ ਝਾੜ ਦੂਜੇ ਖੇਤਾਂ ਨਾਲੋਂ 2 ਮਣ ਵੱਧ ਹੀ ਪ੍ਰਾਪਤ ਹੋਇਆ।

          ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤ ਵਿੱਚ ਹੀ ਵਾਹ ਕੇ ਇਸ ਦਾ ਹੱਲ ਕੀਤਾ ਜਾਵੇ। ਜਿਨ੍ਹਾ ਕਿਸਾਨ ਵੀਰਾਂ ਨੂੰ ਇਹ ਖਦਸ਼ਾ ਹੈ ਕਿ ਪਰਾਲੀ ਵਿੱਚ ਹੀ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਉਪਰੰਤ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਉਹਨਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪਰਾਲੀ ਵਿੱਚ ਬੀਜੀ ਕਣਕ ਨਾਲ ਵੀ ਕਿਸਾਨ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ।

[wpadcenter_ad id='4448' align='none']